ਭਗਵਾਨ ਰਾਮ ਦੇ ਅਵਸ਼ੇਸ਼ਾਂ ਨੂੰ ਨਸ਼ਟ ਕਰ ਰਹੀ ਭਾਜਪਾ ਸਰਕਾਰ : ਕਮਲਨਾਥ
Thursday, Sep 01, 2022 - 01:56 PM (IST)
ਭੋਪਾਲ– ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਸੂਬੇ ਦੀ ਭਾਰਤੀ ਜਨਤਾ ਪਾਰਟੀ ਸਰਕਾਰ ’ਤੇ ਭਗਵਾਨ ਰਾਮ ਦੇ ਅਵਸ਼ੇਸ਼ਾਂ ਨੂੰ ਨਸ਼ਟ ਕਰਨ ਦਾ ਦੋਸ਼ ਲਾਉਂਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਕਾਂਗਰਸ ਅਜਿਹੇ ਮਾਮਲਿਆਂ ’ਚ ਚੁੱਪ ਨਹੀਂ ਬੈਠੇਗੀ। ਸ਼੍ਰੀ ਕਮਲਨਾਥ ਨੇ ਲੜੀਵਾਰ ਟਵੀਟਸ ’ਚ ਦੋਸ਼ ਲਾਇਆ ਕਿ ਖੁਦ ਨੂੰ ਧਰਮਪ੍ਰੇਮੀ ਦੱਸਣ ਵਾਲੀ ਭਾਜਪਾ ਸਰਕਾਰ ਆਪਣੇ ਵਪਾਰਕ ਹਿੱਤਾਂ ਲਈ ਲਗਾਤਾਰ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਫੈਸਲੇ ਲੈਂਦੀ ਆਈ ਹੈ।
ਮੱਧ ਪ੍ਰਦੇਸ਼ ਦੇ ਸਤਨਾ ’ਚ ਸਥਿਤ ਸਿੱਧ ਪਹਾੜ, ਜੋ ਰਾਮ ਵਣ ਗਮਨ ਪਥ ’ਤੇ ਸਥਿਤ ਹੈ, ਵਿਖੇ ਪ੍ਰਭੂ ਸ਼੍ਰੀ ਰਾਮ ਨੇ ਇਸ ਭੂਮੀ ਨੂੰ ਨਿਸ਼ਾਚਕਾਂ ਤੋਂ ਮੁਕਤ ਕਰਨ ਦੀ ਪ੍ਰਤਿਗਿਆ ਲਈ ਸੀ, ਉਸ ਪਹਾੜ ਨੂੰ ਮਾਈਨਿਗ ਲਈ ਖੋਦਣ ਦੀ ਸਰਕਾਰ ਨੂੰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਸਥਾ ਦੇ ਕੇਂਦਰ ਇਸ ਸਿੱਧ ਪਹਾੜ ਨੂੰ ਖੋਦਣ ਲਈ ਮੱਧ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਨਤਕ ਸੁਣਵਾਈ ਦਾ ਫੈਸਲਾ ਲਿਆ ਗਿਆ ਹੈ।
ਇਹ ਉਹ ਪਹਾੜ ਹੈ ਜਿਸ ਦਾ ਜ਼ਿਕਰ ਰਾਮਚਰਿਤ ਮਾਨਸ ਅਤੇ ਵਾਲਮੀਕਿ ਵਿਚ ਵੀ ਹੈ ਕਿ ਰਾਖਸ਼ਸਾਂ ਵੱਲੋਂ ਰਿਸ਼ੀਆਂ ਮੁੰਨੀਆਂ ਦੀ ਹੱਤਿਆ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਤੋਂ ਬਣੇ ਢੇਰ ਤੋਂ ਇਹ ਪਹਾੜ ਬਣਿਆ ਹੈ। ਸ਼੍ਰੀ ਕਮਲਨਾਥ ਨੇ ਦੋਸ਼ ਲਾਇਆ ਕਿ ਭਗਵਾਨ ਰਾਮ ਦੇ ਨਾਂ ਦਾ ਰਾਜਨੀਤੀ ਲਈ ਵਰਤੋਂ ਕਰਨ ਵਾਲੀ ਭਾਜਪਾ ਸਰਕਾਰ ਹੁਣ ਉਨ੍ਹਾਂ ਅਵਸ਼ੇਸ਼ਾਂ ਨੂੰ ਯੋਜਨਾਬੱਧ ਤਰੀਕੇ ਨਾਲ ਨਸ਼ਟ ਕਰਨ ਦਾ ਕੰਮ ਕਰ ਰਹੀ ਹੈ। ਕਾਂਗਰਸ ਇਸ ’ਤੇ ਚੁੱਪ ਨਹੀਂ ਬੈਠੇਗੀ।