ਦਿੱਲੀ ਭਾਜਪਾ ਉਮੀਦਵਾਰ ਦੇ ਵਿਗੜੇ ਬੋਲ, ਕਿਹਾ- ''ਗਧੇ ਨੂੰ ਗਧਾ ਨਹੀਂ ਤਾਂ ਕੀ ਕਹੋਗੇ''

Thursday, May 09, 2019 - 01:34 PM (IST)

ਦਿੱਲੀ ਭਾਜਪਾ ਉਮੀਦਵਾਰ ਦੇ ਵਿਗੜੇ ਬੋਲ, ਕਿਹਾ- ''ਗਧੇ ਨੂੰ ਗਧਾ ਨਹੀਂ ਤਾਂ ਕੀ ਕਹੋਗੇ''

ਨਵੀਂ ਦਿੱਲੀ— ਚੋਣਾਵੀ ਮੌਸਮ 'ਚ ਨੇਤਾਵਾਂ ਵਲੋਂ ਇਕ-ਦੂਜੇ 'ਤੇ ਤੰਜ਼ ਕੱਸਣਾ ਅਤੇ ਗਲਤ ਭਾਸ਼ਾ ਦੀ ਵਰਤੋਂ ਕਰਨਾ ਆਮ ਗੱਲ ਹੈ। ਇਸ ਦਰਮਿਆਨ ਦੱਖਣੀ ਦਿੱਲੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਤੋਂ ਉਮੀਦਵਾਰ ਰਮੇਸ਼ ਬਿਥੂੜੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਇਤਰਾਜ਼ਯੋਗ ਬਿਆਨ ਦਿੱਤਾ ਹੈ। ਰਮੇਸ਼ ਬਿਥੂੜੀ ਨੇ ਪਿਛਲੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ। ਇਸ ਗੱਲ 'ਤੇ ਜਦੋਂ ਇਕ ਨਿਊਜ਼ ਏਜੰਸੀ ਵਲੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ,''ਮੈਂ ਅੱਜ ਵੀ ਕਿਹਾ ਹੈ ਅਤੇ ਮੈਂ ਇਸ ਨੂੰ ਦੁਬਾਰਾ ਕਹਾਂਗਾ। ਮੈਂ ਇਹ ਨਹੀਂ ਸੋਚਦਾ ਕਿ ਇਹ ਗਲਤ ਹੈ। ਜੇਕਰ ਤੁਸੀਂ ਗਾਂ ਨੂੰ ਗਾਂ ਨਹੀਂ ਕਹੋਗੇ, ਚੂਹੇ ਨੂੰ ਚੂਹਾ ਨਹੀਂ ਕਹੋਗੇ ਅਤੇ ਗਧੇ ਨੂੰ ਗਧਾ ਨਹੀਂ ਕਹੋਗੇ ਤਾਂ ਕੀ ਕਹੋਗੇ।'' 
 

ਰਾਘਵ ਚੱਡਾ ਨੇ ਬਿਥੂੜੀ ਵਿਰੁੱਧ ਚੋਣ ਅਧਿਕਾਰੀ ਨੂੰ ਕੀਤੀ ਸ਼ਿਕਾਇਤ
ਉੱਥੇ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਦੇ ਦੋਸ਼ ਨੂੰ ਲੈ ਕੇ ਦੱਖਣੀ ਦਿੱਲੀ ਤੋਂ 'ਆਪ' ਉਮੀਦਵਾਰ ਰਾਘਵ ਚੱਡਾ ਨੇ ਭਾਜਪਾ ਉਮੀਦਵਾਰ ਰਮੇਸ਼ ਬਿਥੂੜੀ ਵਿਰੁੱਧ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ 'ਚ ਸ਼ਿਕਾਇਤ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬਿਥੂੜੀ ਦੀ ਆਵਾਜ਼ ਵਾਲੀ ਇਕ ਸੀ.ਡੀ. ਵੀ ਕਮਿਸ਼ਨ ਅਤੇ ਦਿੱਲੀ ਪੁਲਸ ਨੂੰ ਭੇਜੀ ਹੈ। ਆਪਣੀ ਸ਼ਿਕਾਇਤ 'ਚ ਰਾਘਵ ਚੱਡਾ ਨੇ ਕਿਹਾ ਕਿ ਰਮੇਸ਼ ਬਿਥੂੜੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੰਗਲਵਾਰ ਨੂੰ ਹੋ ਰਹੀ ਇਕ ਜਨ ਸਭਾ 'ਚ ਭਾਜਪਾ ਦੇ ਦੱਖਣ ਦਿੱਲੀ ਦੇ ਉਮੀਦਵਾਰ ਰਮੇਸ਼ ਬਿਥੂੜੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੂੰ ਮੰਚ ਤੋਂ ਗਾਲ੍ਹਾਂ ਕੱਢੀਆਂ। ਉਨ੍ਹਾਂ ਨੇ ਰਮੇਸ਼ ਬਿਥੂੜੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਤੁਹਾਡੀ ਲੜਾਈ ਮੇਰੇ ਨਾਲ ਹੈ। ਜੇਕਰ ਦਮ  ਹੈ ਤਾਂ ਮੈਨੂੰ ਕੁੱਟ ਕੇ ਦਿਖਾਓ, ਮੈਨੂੰ ਗਾਲ੍ਹਾਂ ਕੱਢ ਕੇ ਦਿਖਾਓ।
 

ਮੋਹੱਲਾ ਕਲੀਨਿਕ ਬਣਾ ਕੇ ਕੀਤੀ ਨੌਟੰਕੀ
ਦੱਸਣਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਦਾ ਵਿਰੋਧ ਕਰਦੇ ਹੋਏ ਦੱਖਣੀ ਦਿੱਲੀ ਤੋਂ ਸੰਸਦ ਮੈਂਬਰ ਰਮੇਸ਼ ਬਿਥੂੜੀ ਨੇ ਗਲਤ ਭਾਸ਼ਾ ਦੀ ਵਰਤੋਂ ਕੀਤੀ ਸੀ। ਮਿਲੀ ਜਾਣਕਾਰੀ ਅਨੁਸਾਰ, ਰਮੇਸ਼ ਬਿਥੂੜੀ ਨੇ ਮੰਚ 'ਤੇ ਬੈਠੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ 'ਚ ਹੀ ਕਿਹਾ ਸੀ ਕਿ ਕੇਜਰੀਵਾਲ ਨੇ ਪੱਟੜੀ 'ਤੇ ਮੋਹੱਲਾ ਕਲੀਨਿਕ ਬਣਾ ਕੇ ਨੌਟੰਕੀ ਕੀਤੀ ਹੈ, ਉਹ ਅੱਜ ਵੀ ਦੱਖਣੀ ਐੱਮ.ਸੀ.ਡੀ. (ਦਿੱਲੀ ਨਗਰ ਨਿਗਮ) ਦਾ 300 ਕਰੋੜ ਰੁਪਏ ਰੋਕ ਕੇ ਬੈਠਿਆ ਹੋਇਆ ਹੈ, ਜਦੋਂ ਕਿ ਮੈਟਰਨੀਟੀ ਡਿਸਪੈਂਸਰੀ ਅਸੀਂ ਬਣਾਈ ਹੈ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦਾ (ਕੇਜਰੀਵਾਲ) ਕਾਂਗਰਸ ਦੇ ਬਿਨਾਂ ਜਿੱਤ ਪਾਉਣਾ ਮੁਸ਼ਕਲ ਹੈ।


author

DIsha

Content Editor

Related News