ਸਵਾਈਨ ਫਲੂ ਦੇ ਇਲਾਜ ਤੋਂ ਬਾਅਦ ਅਮਿਤ ਸ਼ਾਹ ਨੂੰ ਏਮਜ਼ ਤੋਂ ਮਿਲੀ ਛੁੱਟੀ

Sunday, Jan 20, 2019 - 11:49 AM (IST)

ਸਵਾਈਨ ਫਲੂ ਦੇ ਇਲਾਜ ਤੋਂ ਬਾਅਦ ਅਮਿਤ ਸ਼ਾਹ ਨੂੰ ਏਮਜ਼ ਤੋਂ ਮਿਲੀ ਛੁੱਟੀ

ਨਵੀਂ ਦਿੱਲੀ— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਏਮਜ਼ ਤੋਂ ਛੁੱਟੀ ਮਿਲ ਗਈ ਹੈ। ਅਮਿਤ ਸ਼ਾਹ ਨੂੰ ਇਸੇ ਹਫਤੇ ਬੁੱਧਵਾਰ ਨੂੰ ਸਵਾਈਨ ਫਲੂ ਕਾਰਨ ਦਿੱਲੀ ਦੇ ਏਮਜ਼ 'ਚ ਦਾਖਲ ਕਰਵਾਇਆ ਗਿਆ ਹੈ। ਭਾਜਪਾ ਨੇਤਾ ਅਨਿਲ ਬਲੂਨੀ ਨੇ ਇਹ ਜਾਣਕਾਰੀ ਦਿੱਤੀ ਹੈ। ਬਲੂਨੀ ਨੇ ਟਵੀਟ ਕਰ ਕੇ ਦੱਸਿਆ,''ਸਾਡੇ ਸਾਰਿਆਂ ਲਈ ਖੁਸ਼ੀ ਦਾ ਵਿਸ਼ਾ ਹੈ ਕਿ ਸਾਡੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਜੀ ਪੂਰਨ ਰੂਪ ਨਾਲ ਸਿਹਤਮੰਦ ਹੋ ਕੇ ਏਮਜ਼ ਤੋਂ ਡਿਸਚਾਰਜ ਹੋ ਕੇ ਆਪਣੇ ਘਰ ਆ ਗਏ ਹਨ।'' ਬਲੂਨੀ ਨੇ ਪਾਰਟੀ ਦੇ ਵਰਕਰਾਂ ਅਤੇ ਸ਼ਾਹ ਸ਼ੁੱਭਚਿੰਤਕਾਂ ਦਾ ਧੰਨਵਾਦ ਵੀ ਜ਼ਾਹਰ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਾਹ 'ਤੇ ਕਾਂਗਰਸ ਨੇਤਾ ਬੀ.ਕੇ. ਹਰਿਪ੍ਰਸਾਦ ਨੇ ਵਿਵਾਦਪੂਰਨ ਟਿੱਪਣੀ ਕੀਤੀ ਸੀ। ਹਰਿਪ੍ਰਸਾਦ ਨੇ ਕਿਹਾ ਸੀ ਕਿ ਕਰਨਾਟਕ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਹੋਰ ਵੀ ਗੰਭੀਰ ਬੀਮਾਰੀਆਂ ਹੋਣਗੀਆਂ। ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ,''ਅਮਿਤ ਸ਼ਾਹ ਨੇ ਚਾਰ ਕਾਂਗਰਸ ਵਿਧਾਇਕਾਂ ਨੂੰ ਅਗਵਾ ਕਰਵਾਇਆ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਹੁਣ ਅਦਾਲਤ 'ਚ ਕੇਸ ਦਰਜ ਕਰਵਾਉਣਗੇ। ਇਸ ਲਈ ਅਮਿਤ ਸ਼ਾਹ ਸਵਾਈਨ ਫਲੂ ਨਾਲ ਪੀੜਤ ਹਨ। ਉਨ੍ਹਾਂ ਨੂੰ ਹੁਣ ਸ਼ਾਂਤ ਹੋਣਾ ਚਾਹੀਦਾ।''

ਉੱਥੇ ਹੀ ਭਾਜਪਾ ਨੇਤਾ ਕੈਲਾਸ਼ ਵਿਜੇਵਰਗੀਏ ਨੇ ਕਿਹਾ,''ਬੀ.ਕੇ. ਹਰਿਪ੍ਰਸਾਦ ਦਾ ਬਿਆਨ ਗਲਤ ਅਤੇ ਅਸੰਵੇਦਨਸ਼ੀਲ ਹੈ। ਜੇਕਰ ਮੈਂ ਪੁੱਛਦਾ ਹਾਂ ਕਿ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਕਿਵੇਂ ਬੀਮਾਰ ਪਈ ਅਤੇ ਹੁਣ ਉਹ ਇਸ ਬਾਰੇ ਸਾਨੂੰ ਕਿਉਂ ਨਹੀਂ ਦੱਸਦੀ ਤਾਂ ਇਹ ਗਲਤ ਹੋਵੇਗਾ। ਕੋਈ ਵੀ, ਭਾਵੇਂ ਹੀ ਉਹ ਕਿਸੇ ਵੀ ਵਿਚਾਰਧਾਰਾ ਦਾ ਹੋਵੇ, ਉਸ ਦੇ ਬੀਮਾਰ ਹੋਣ 'ਤੇ ਸਾਨੂੰ ਸਿਰਫ ਉਨ੍ਹਾਂ ਦੇ ਸਿਹਤਮੰਦ ਹੋਣ ਦੀ ਕਾਮਨਾ ਕਰਨੀ ਚਾਹੀਦੀ ਹੈ।'' ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਹਰਿਪ੍ਰਸਾਦ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਟਵੀਟ ਕੀਤਾ,''ਜਿਸ ਤਰ੍ਹਾਂ ਦਾ ਗੰਦਾ ਅਤੇ ਬੇਹੁਦਾ ਬਿਆਨ ਕਾਂਗਰਸ ਦੇ ਸੰਸਦ ਮੈਂਬਰ ਬੀ.ਕੇ. ਹਰਿਪ੍ਰਸਾਦ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਸਿਹਤ ਲਈ ਦਿੱਤਾ ਹੈ, ਇਹ ਕਾਂਗਰਸ ਦੇ ਪੱਧਰ ਨੂੰ ਦਰਸਾਉਂਦਾ ਹੈ। ਫਲੂ ਦਾ ਇਲਾਜ ਹੈ ਪਰ ਕਾਂਗਰਸ ਦੇ ਨੇਤਾਵਾਂ ਦੀ ਮਾਨਸਿਕ ਬੀਮਾਰੀ ਦਾ ਇਲਾਜ ਮੁਸ਼ਕਲ ਹੈ।''


author

DIsha

Content Editor

Related News