ਬਿਲਕਿਸ ਬਾਨੋ ਮਾਮਲੇ ’ਚ ਫਾਈਲਾਂ ਪੇਸ਼ ਕਰਨ ਲਈ ਤਿਆਰ ਕੇਂਦਰ ਤੇ ਗੁਜਰਾਤ ਸਰਕਾਰ
Wednesday, May 03, 2023 - 02:16 PM (IST)
ਨਵੀਂ ਦਿੱਲੀ, (ਅਨਸ)- 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ ਨਾਲ ਸਮੂਹਿਕ ਜਬਰ-ਜ਼ਨਾਹ ਅਤੇ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੇ ਕਤਲ ਦੇ ਦੋਸ਼ੀ 11 ਵਿਅਕਤੀਆਂ ਨੂੰ ਬਰੀ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਮੰਗਲਵਾਰ ਟਾਲ ਦਿੱਤੀ ਗਈ। ਹੁਣ ਜੁਲਾਈ ਦੇ ਦੂਜੇ ਹਫ਼ਤੇ ਸੁਣਵਾਈ ਹੋਵੇਗੀ। ਅਦਾਲਤ ਨੇ ਕਿਹਾ ਕਿ ਕੇਂਦਰ ਅਤੇ ਗੁਜਰਾਤ ਸਰਕਾਰ ਨੇ ਦੋਸ਼ੀਆਂ ਦੀ ਰਿਹਾਈ ਸਬੰਧੀ ਫਾਈਲਾਂ ਪੇਸ਼ ਕਰਨ ਦਾ ਭਰੋਸਾ ਦਿੱਤਾ ਹੈ।
ਬੈਂਚ ਨੇ ਕਿਹਾ ਕਿ ਉਹ ਸਮਾਂ ਹੱਦ ਤੈਅ ਕਰਨ ਦੇ ਨਿਰਦੇਸ਼ਾਂ ਲਈ 9 ਮਈ ਨੂੰ ਮਾਮਲੇ ਦੀ ਸੂਚੀ ਬਣਾਏਗੀ ਤਾਂ ਜੋ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅਦਾਲਤ ਦੇ ਮੁੜ ਖੁੱਲ੍ਹਣ ’ਤੇ ਇਸ ਮਾਮਲੇ ਨੂੰ ਦੁਬਾਰਾ ਉਠਾਇਆ ਜਾ ਸਕੇ। ਇਸ ਮਾਮਲੇ ਦੀ ਸੁਣਵਾਈ ਲਈ ਨਵਾਂ ਬੈਂਚ ਵੀ ਬਣਾਇਆ ਜਾਵੇਗਾ।
ਕੇਂਦਰ ਅਤੇ ਸੂਬੇ ਨੇ ਪਹਿਲਾਂ ਹਵਾਲਾ ਦਿੱਤਾ ਸੀ ਕਿ ਦਸਤਾਵੇਜ਼ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ। ਉਨ੍ਹਾਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਉਹ ਸਬੰਧਤ ਫਾਈਲਾਂ ਨੂੰ ਪੇਸ਼ ਕਰਨ ਦੇ ਹੁਕਮ ਖਿਲਾਫ ਸਮੀਖਿਆ ਪਟੀਸ਼ਨ ਦਾਇਰ ਕਰਨ ’ਤੇ ਵਿਚਾਰ ਕਰ ਰਹੇ ਹਨ।
ਇਸ ਤੋਂ ਪਹਿਲਾਂ ਮਾਰਚ ’ਚ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਬਿਲਕਿਸ ਬਾਨੋ ਨਾਲ ਸਮੂਹਿਕ ਜਬਰ-ਜ਼ਨਾਹ ਅਤੇ ਉਸ ਦੇ ਪਰਿਵਾਰ ਦੀ ਹੱਤਿਆ ਨੂੰ ਘਿਨਾਉਣੀ ਕਾਰਵਾਈ ਕਰਾਰ ਦਿੱਤਾ ਸੀ। ਇਸ ਨੇ ਗੁਜਰਾਤ ਸਰਕਾਰ ਤੋਂ ਇਹ ਵੀ ਪੁੱਛਿਆ ਸੀ ਕਿ ਕੀ ਉਸ ਨੇ 11 ਦੋਸ਼ੀਆਂ ਨੂੰ ਬਰੀ ਕਰਦੇ ਹੋਏ ਕਤਲ ਦੇ ਹੋਰ ਮਾਮਲਿਆਂ ’ਤੇ ਵੀ ਇਹੀ ਪੈਮਾਨੇ ਲਾਗੂ ਕੀਤੇ ਹਨ?