ਬਿਹਾਰ 'ਚ ਤਿੰਨ ਪੜਾਵਾਂ 'ਚ ਹੋਣਗੀਆਂ ਚੋਣਾਂ, 10 ਨਵੰਬਰ ਨੂੰ ਹੋਵੇਗੀ ਵੋਟਾਂ ਦੀ ਗਿਣਤੀ

09/25/2020 1:19:23 PM

ਨਵੀਂ ਦਿੱਲੀ- ਬਿਹਾਰ ਵਿਧਾਨ ਸਭਾ ਲਈ ਚੋਣਾਂ ਕੋਰੋਨਾ ਮਹਾਮਾਰੀ ਦਰਮਿਆਨ ਤਿੰਨ ਪੜਾਵਾਂ 'ਚ 28 ਅਕਤੂਬਰ, 3 ਨਵੰਬਰ ਅਤੇ 7 ਨਵੰਬਰ ਨੂੰ ਹੋਣਗੀਆਂ, ਜਦੋਂ ਕਿ ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ 243 ਮੈਂਬਰੀ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਲਈ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਕੋਵਿਡ-19 ਦੇ ਮੌਜੂਦਾ ਹਾਲਾਤ 'ਚ ਦੁਨੀਆ ਭਰ 'ਚ ਹੋਣ ਵਾਲੀਆਂ ਸਭ ਤੋਂ ਵੱਡੀਆਂ ਚੋਣਾਂ 'ਚੋਂ ਇਕ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੋਈ ਚੋਣਾਂ ਨਹੀਂ ਹੋਈਆਂ ਹਨ ਅਤੇ ਉਦੋਂ ਤੋਂ ਦੁਨੀਆ 'ਚ ਵਿਆਪਕ ਤਬਦੀਲੀ ਹੋਈ ਹੈ ਅਤੇ ਕੋਵਿਡ-19 ਮਹਾਮਾਰੀ ਨੇ ਜੀਵਨ ਦੇ ਸਾਰੇ ਪਹਿਲੂਆਂ 'ਚ ਨਵੀਆਂ ਸਥਿਤੀਆਂ ਪੈਦਾ ਕਰ ਦਿੱਤੀਆਂ ਹਨ। ਅਰੋੜਾ ਨੇ ਕਿਹਾ ਕਿ ਅੱਤਵਾਦ ਪ੍ਰਭਾਵਿਤ ਖੇਤਰਾਂ ਨੂੰ ਛੱਡ ਕੇ ਪੂਰੇ ਸੂਬੇ 'ਚ ਵੋਟਿੰਗ ਦਾ ਸਮਾਂ ਇਕ ਘੰਟਾ ਵਧਾਇਆ ਜਾਵੇਗਾ ਅਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਕੀਤੀ ਜਾ ਸਕੇਗੀ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਰੋਗੀ ਆਖਰੀ ਇਕ ਘੰਟੇ 'ਚ ਵੋਟਿੰਗ ਕਰ ਸਕਦੇ ਹਨ। ਪੀੜਤ ਲੋਕਾਂ ਲਈ ਵਿਸ਼ੇਸ਼ ਪ੍ਰੋਟੋਕਾਲ ਤਿਆਰ ਕੀਤੇ ਗਏ ਹਨ। ਚੋਣਾਂ ਦੇ ਐਲਾਨ ਦੇ ਨਾਲ ਹੀ ਸੂਬੇ 'ਚ ਚੋਣ ਜ਼ਾਬਤਾ ਲਾਗੂ ਹੋ ਗਈ ਹੈ

ਚੋਣ ਕਮਿਸ਼ਨ ਨੇ ਕਿਹਾ ਕਿ ਬਿਹਾਰ ਚੋਣਾਂ ਲਈ 7 ਲੱਖ ਹੈਂਡ ਸੈਨੀਟਾਈਜ਼ਰ, 46 ਲੱਖ ਮਾਸਕ, 6 ਲੱਖ ਪੀਪੀਈ ਕਿਟ, 6.7 ਲੱਖ ਫੇਸ ਸ਼ੀਲਡ ਅਤੇ 23 ਲੱਖ ਜੋੜੀ ਦਸਤਾਨਿਆਂ ਦੀ ਵਿਵਸਥਾ ਕਰ ਲਈ ਗਈ ਹੈ। ਕਮਿਸ਼ਨ ਨੇ ਸੁਰੱਖਿਆ ਬੰਦੋਬਦਸਤ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਬਿਹਾਰ ਚੋਣਾਂ ਦੇ ਪੜਾਅ ਘੱਟ ਕੀਤੇ ਹਨ। ਅਰੋੜਾ ਨੇ ਕਿਹਾ ਕਿ ਕੋਵਿਡ-19 ਦੇ ਸਾਏ 'ਚ ਹੋਣ ਜਾ ਰਹੀਆਂ ਬਿਹਾਰ ਚੋਣਾਂ ਦੌਰਾਨ ਜਿੱਥੇ ਵੀ ਜ਼ਰੂਰਤ ਹੋਵੇਗੀ ਅਤੇ ਅਪੀਲ ਕੀਤੀ ਜਾਵੇਗੀ, ਉੱਥੇ ਡਾਕ ਵੋਟਿੰਗ ਦੀ ਸਹੂਲਤ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਜਨ ਸਭਾਵਾਂ 'ਚ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਉੱਥੇ ਹੀ ਚੋਣਾਂ ਕਰਵਾਉਣ ਦੇ ਸਮੇਂ ਨੂੰ ਲੈ ਕੇ ਕੁਝ ਸੂਬਿਆਂ ਵਲੋਂ ਦੱਸੀਆਂ ਗਈਆਂ ਸਮੱਸਿਆਵਾਂ ਦੇ ਸੰਬੰਧ 'ਚ 29 ਸਤੰਬਰ ਨੂੰ ਸਮੀਖਿਆ ਬੈਠਕ ਤੋਂ ਬਾਅਦ ਲੋਕ ਸਭਾ ਦੀ ਇਕ ਅਤੇ ਵਿਧਾਨ ਸਭਾ ਦੀਆਂ 64 ਸੀਟਾਂ ਲਈ ਜ਼ਿਮਨੀ ਚੋਣਾਂ 'ਤੇ ਫੈਸਲਾ ਕਰੇਗਾ। ਪਹਿਲੇ ਪੜਾਅ 'ਚ 71 ਸੀਟਾਂ 'ਤੇ, ਦੂਜੇ ਪੜਾਅ 'ਚ 94 ਸੀਟਾਂ, ਤੀਜੇ 'ਚ 78 ਸੀਟਾਂ 'ਤੇ ਵੋਟਿੰਗ ਹੋਵੇਗੀ।


DIsha

Content Editor

Related News