ਬਿਹਾਰ ਵਿਧਾਨ ਸਭਾ ਚੋਣਾਂ: CPI (ਮਾਲੇ) ਨੇ 20 ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ
Sunday, Oct 19, 2025 - 02:53 AM (IST)

ਪਟਨਾ (ਭਾਸ਼ਾ) - ਬਿਹਾਰ ’ਚ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੀ ਇਕ ਸਹਿਯੋਗੀ ਪਾਰਟੀ ਸੀ. ਪੀ. ਆਈ. (ਮਾਲੇ) ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਸੂਚੀ ਸ਼ਨੀਵਾਰ ਜਾਰੀ ਕੀਤੀ। ਇਸ ’ਚ ਉਸ ਦੇ ਸਾਰੇ 12 ਮੌਜੂਦਾ ਵਿਧਾਇਤ ਵੀ ਸ਼ਾਮਲ ਹਨ।
ਪਾਰਟੀ ਨੇ ਉਨ੍ਹਾਂ ਸੀਟਾਂ ’ਤੇ ਨਵੇਂ ਚਿਹਰੇ ਖੜ੍ਹੇ ਕੀਤੇ ਹਨ ਜਿੱਥੋਂ ਉਹ 2020 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ’ਚ ਅਸਫਲ ਰਹੀ ਸੀ। ਪਿਛਲੀ ਵਾਰ ਉਸ ਨੇ 19 ਸੀਟਾਂ ’ਤੇ ਚੋਣ ਲੜੀ ਸੀ ਤੇ 12 ਜਿੱਤੀਆਂ ਸਨ।
ਪਾਰਟੀ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਗੱਠਜੋੜ ਦੀ ਭਾਵਨਾ ਨੂੰ ਬਣਾਈ ਰੱਖਿਆ ਹੈ। ਅਸੀਂ ਹੋਰ ਸੀਟਾਂ ਦੇ ਹੱਕਦਾਰ ਸੀ ਪਰ ਅਸੀਂ ਅੰਤ ’ਚ ਸਿਰਫ਼ 20 ਸੀਟਾਂ ’ਤੇ ਹੀ ਚੋਣ ਲੜਨ ਦਾ ਫੈਸਲਾ ਕੀਤਾ। ਅਸੀਂ ਇਸ ਵਾਰ ਘੱਟੋ-ਘੱਟ 24 ਸੀਟਾਂ 'ਤੇ ਚੋਣ ਲੜਨਾ ਚਾਹੁੰਦੇ ਸੀ, ਪਰ ਇਹ ਸੰਭਵ ਨਹੀਂ ਸੀ।
ਮੁੜ ਨਾਮਜ਼ਦ ਕੀਤੇ ਗਏ ਪ੍ਰਮੁੱਖ ਵਿਧਾਇਕਾਂ ’ਚ ਅਮਰਜੀਤ ਕੁਸ਼ਵਾਹਾ, ਸੱਤਿਆਦੇਵ ਰਾਮ, ਗੋਪਾਲ ਰਵੀਦਾਸ, ਸੰਦੀਪ ਸੌਰਭ, ਸ਼ਿਵ ਪ੍ਰਕਾਸ਼ ਰੰਜਨ, ਅਜੀਤ ਕੁਮਾਰ ਸਿੰਘ, ਬੀਰੇਂਦਰ ਪ੍ਰਸਾਦ ਤੇ ਮਹਿਬੂਬ ਆਲਮ ਸ਼ਾਮਲ ਹਨ। ਦਿਵਿਆ ਗੌਤਮ, ਅਨਿਲ ਕੁਮਾਰ ਤੇ ਫੂਲਬਾਬੂ ਸਿੰਘ ਵੀ ਸੂਚੀ ’ਚ ਹਨ।