ਭਾਜਪਾ ਦੇ ਸੂਬਾ ਪ੍ਰਧਾਨ ਬਡੋਲੀ ਨੂੰ ਵੱਡੀ ਰਾਹਤ, ਅਦਾਲਤ ਨੇ ਮੁੜ ਸਵੀਕਾਰ ਕੀਤੀ ਕਲੋਜ਼ਰ ਰਿਪੋਰਟ

Thursday, Jan 08, 2026 - 11:11 PM (IST)

ਭਾਜਪਾ ਦੇ ਸੂਬਾ ਪ੍ਰਧਾਨ ਬਡੋਲੀ ਨੂੰ ਵੱਡੀ ਰਾਹਤ, ਅਦਾਲਤ ਨੇ ਮੁੜ ਸਵੀਕਾਰ ਕੀਤੀ ਕਲੋਜ਼ਰ ਰਿਪੋਰਟ

ਕਸੌਲੀ (ਸੋਲਨ) – ਹਰਿਆਣਾ ਭਾਜਪਾ ਪ੍ਰਧਾਨ ਮੋਹਨ ਲਾਲ ਬਡੋਲੀ ਅਤੇ ਗਾਇਕ ਰੌਕੀ ਮਿੱਤਲ ਖ਼ਿਲਾਫ਼ ਦਰਜ ਕਥਿਤ ਗੈਂਗਰੇਪ ਮਾਮਲੇ ਵਿੱਚ ਕਸੌਲੀ ਅਦਾਲਤ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਪੁਲਸ ਵੱਲੋਂ ਦਾਖ਼ਲ ਕੀਤੀ ਕਲੋਜ਼ਰ ਰਿਪੋਰਟ ਨੂੰ ਇੱਕ ਵਾਰ ਫਿਰ ਸਵੀਕਾਰ ਕਰ ਲਿਆ ਹੈ। ਅਦਾਲਤ ਨੇ ਪੀੜਤ ਪੱਖ ਵੱਲੋਂ ਕੇਸ ਮੁੜ ਖੋਲ੍ਹਣ ਲਈ ਦਾਖ਼ਲ ਕੀਤੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ।

ਵੀਰਵਾਰ ਨੂੰ ਸੁਣਾਏ ਗਏ ਇਸ ਫੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਮਾਮਲੇ ਵਿੱਚ ਪੱਕੇ ਸਬੂਤਾਂ ਦੀ ਘਾਟ ਹੈ, ਜਿਸ ਕਾਰਨ ਕੇਸ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ। ਅਦਾਲਤ ਨੇ ਪੁਲਸ ਦੀ ਜਾਂਚ ਅਤੇ ਰਿਪੋਰਟ ਨੂੰ ਸਹੀ ਮੰਨਦੇ ਹੋਏ ਕੇਸ ਬੰਦ ਕਰਨ ਦੇ ਹੁਕਮ ਦਿੱਤੇ। ਹਾਲਾਂਕਿ, ਪੀੜਤਾ ਕੋਲ ਉੱਚ ਅਦਾਲਤ ਵਿੱਚ ਅਪੀਲ ਕਰਨ ਦਾ ਹੱਕ ਬਰਕਰਾਰ ਹੈ।

ਇਸ ਮਾਮਲੇ ਦੀ ਸੁਣਵਾਈ 31 ਦਸੰਬਰ 2025 ਨੂੰ ਪੂਰੀ ਹੋਈ ਸੀ, ਜਦੋਂ ਦੋਹਾਂ ਧਿਰਾਂ ਦੇ ਵਕੀਲਾਂ ਨੇ ਆਪਣੀ-ਆਪਣੀ ਦਲੀਲਾਂ ਰੱਖੀਆਂ ਸਨ। ਉਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ, ਜੋ ਹੁਣ ਪੁਲਸ ਦੀ ਕਲੋਜ਼ਰ ਰਿਪੋਰਟ ਦੇ ਹੱਕ ਵਿੱਚ ਆਇਆ ਹੈ।

ਕਸੌਲੀ ਪੁਲਸ ਨੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਜਾਂਚ ਕੀਤੀ ਪਰ ਕੋਈ ਠੋਸ ਸਬੂਤ ਹੱਥ ਨਹੀਂ ਲੱਗੇ। ਪੀੜਤਾ ਨੇ ਮੈਡੀਕਲ ਜਾਂਚ ਕਰਵਾਉਣ ਤੋਂ ਵੀ ਇਨਕਾਰ ਕੀਤਾ ਸੀ। ਪੁਰਾਣਾ ਮਾਮਲਾ ਹੋਣ ਕਾਰਨ ਸੀ.ਸੀ.ਟੀ.ਵੀ. ਫੁਟੇਜ ਜਾਂ ਹੋਰ ਤਕਨੀਕੀ ਸਬੂਤ ਵੀ ਉਪਲਬਧ ਨਹੀਂ ਹੋ ਸਕੇ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 12 ਮਾਰਚ 2025 ਨੂੰ ਵੀ ਕਸੌਲੀ ਅਦਾਲਤ ਨੇ ਕਲੋਜ਼ਰ ਰਿਪੋਰਟ ਮਨਜ਼ੂਰ ਕੀਤੀ ਸੀ, ਜਿਸਨੂੰ ਪੀੜਤਾ ਨੇ ਸੋਲਨ ਦੀ ਜ਼ਿਲ੍ਹਾ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਜ਼ਿਲ੍ਹਾ ਅਦਾਲਤ ਦੇ ਹੁਕਮਾਂ ’ਤੇ ਕੇਸ ਦੀ ਮੁੜ ਸੁਣਵਾਈ ਹੋਈ।

ਪੀੜਤਾ ਨੇ 13 ਦਸੰਬਰ 2024 ਨੂੰ ਕਸੌਲੀ ਥਾਣੇ ਵਿੱਚ ਬੜੌਲੀ ਅਤੇ ਰੌਕੀ ਮਿੱਤਲ ਖ਼ਿਲਾਫ਼ ਗੈਂਗਰੇਪ ਦਾ ਮਾਮਲਾ ਦਰਜ ਕਰਵਾਇਆ ਸੀ। ਉਸਦਾ ਦੋਸ਼ ਸੀ ਕਿ 23 ਜੁਲਾਈ 2024 ਨੂੰ ਹੋਟਲ ਵਿੱਚ ਉਸ ਨਾਲ ਜਬਰਦਸਤੀ ਸ਼ਰਾਬ ਪਿਲਾ ਕੇ ਦਰਿੰਦਗੀ ਕੀਤੀ ਗਈ ਅਤੇ ਬਾਅਦ ਵਿੱਚ ਧਮਕੀਆਂ ਵੀ ਦਿੱਤੀਆਂ ਗਈਆਂ।


author

Inder Prajapati

Content Editor

Related News