ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ, ਜਾਰੀ ਹੋਈ ਨਵੀਂ ਐਡਵਾਇਜ਼ਰੀ

Monday, Mar 30, 2026 - 01:04 AM (IST)

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ, ਜਾਰੀ ਹੋਈ ਨਵੀਂ ਐਡਵਾਇਜ਼ਰੀ

ਕਟੜਾ/ਜੰਮੂ: ਮਾਤਾ ਵੈਸ਼ਨੋ ਦੇਵੀ ਦੀ ਯਾਤਰਾ 'ਤੇ ਜਾਣ ਦੀ ਯੋਜਨਾ ਬਣਾ ਰਹੇ ਸ਼ਰਧਾਲੂਆਂ ਲਈ ਕਟੜਾ ਤੋਂ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ। ਭਾਰੀ ਭੀੜ ਦੇ ਮੱਦੇਨਜ਼ਰ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਸੀ ਅਤੇ ਨਵੀਂ ਯਾਤਰਾ ਪਰਚੀ ਯਾਨੀ ਰਜਿਸਟ੍ਰੇਸ਼ਨ ਕਾਊਂਟਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਸ਼੍ਰਾਈਨ ਬੋਰਡ ਨੇ ਯਾਤਰੀਆਂ ਨੂੰ ਆਪਣੇ ਸੁਰੱਖਿਅਤ ਠਹਿਰਨ ਵਾਲੇ ਸਥਾਨਾਂ 'ਤੇ ਰੁਕਣ ਅਤੇ ਫਿਲਹਾਲ ਅੱਗੇ ਨਾ ਵਧਣ ਦੀ ਸਲਾਹ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ ਚੈਤਰ ਨਵਰਾਤਰੀ ਖ਼ਤਮ ਹੋਣ ਤੋਂ ਬਾਅਦ ਵੀ ਸ਼ਰਧਾਲੂਆਂ ਦਾ ਉਤਸ਼ਾਹ ਬਰਕਰਾਰ ਹੈ ਅਤੇ ਲੱਖਾਂ ਭਗਤ ਕਟੜਾ ਤੋਂ ਭਵਨ ਤੱਕ ਯਾਤਰਾ ਕਰ ਰਹੇ ਹਨ। ਸ਼ਨੀਵਾਰ ਅਤੇ ਐਤਵਾਰ ਨੂੰ ਸ਼ਰਧਾਲੂਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਸੁਰੱਖਿਆ ਬਲਾਂ ਅਤੇ ਪ੍ਰਬੰਧਕਾਂ 'ਤੇ ਦਬਾਅ ਵਧ ਗਿਆ। ਐਤਵਾਰ ਸ਼ਾਮ ਨੂੰ ਭੀੜ ਜ਼ਿਆਦਾ ਹੋਣ ਕਾਰਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਯਾਤਰਾ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦਾ ਫੈਸਲਾ ਲਿਆ ਗਿਆ।

ਰਾਹਤ ਦੀ ਗੱਲ ਇਹ ਹੈ ਕਿ ਇਹ ਪਾਬੰਦੀ ਅਸਥਾਈ ਹੈ ਅਤੇ ਯਾਤਰਾ ਸੋਮਵਾਰ (30 ਮਾਰਚ) ਸਵੇਰ ਤੋਂ ਮੁੜ ਸ਼ੁਰੂ ਹੋ ਜਾਵੇਗੀ। ਯਾਤਰਾ ਸ਼ੁਰੂ ਹੋਣ ਦੇ ਨਾਲ ਹੀ ਸ਼ਰਧਾਲੂਆਂ ਨੂੰ ਆਰ.ਐੱਫ.ਆਈ.ਡੀ. (RFID) ਕਾਰਡ ਸਵੇਰ ਤੋਂ ਹੀ ਜਾਰੀ ਕੀਤੇ ਜਾਣ ਲੱਗਣਗੇ।

ਐਤਵਾਰ ਨੂੰ ਦਿਨ ਭਰ ਰਜਿਸਟ੍ਰੇਸ਼ਨ ਕਾਊਂਟਰਾਂ 'ਤੇ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਯਾਤਰਾ ਦੇ ਪ੍ਰਵੇਸ਼ ਦੁਆਰ 'ਦਰਸ਼ਨ ਡਿਓੜੀ' 'ਤੇ ਵੀ ਸੁਰੱਖਿਆ ਜਾਂਚ ਲਈ ਸ਼ਰਧਾਲੂ ਕਤਾਰਾਂ 'ਚ ਖੜ੍ਹੇ ਰਹੇ। ਭਵਨ ਕੰਪਲੈਕਸ ਵਿਚ ਦਰਸ਼ਨਾਂ ਲਈ ਭਗਤਾਂ ਨੂੰ ਕ੍ਰਮਬੱਧ ਤਰੀਕੇ ਨਾਲ ਅੱਗੇ ਭੇਜਿਆ ਜਾ ਰਿਹਾ ਹੈ, ਜਿਸ ਵਿਚ ਸ਼੍ਰਾਈਨ ਬੋਰਡ ਅਤੇ ਸੁਰੱਖਿਆ ਬਲਾਂ ਵੱਲੋਂ ਲਾਈਨ ਪ੍ਰਬੰਧਨ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।


author

Inder Prajapati

Content Editor

Related News