ਕਿਸਾਨਾਂ ਨਾਲ ਗੱਲਬਾਤ ਤੋਂ ਪਹਿਲਾਂ ਜੇ. ਪੀ. ਨੱਢਾ ਦੇ ਘਰ ਭਾਜਪਾ ਆਗੂਆਂ ਦੀ ਬੈਠਕ ਸ਼ੁਰੂ
Tuesday, Dec 01, 2020 - 12:00 PM (IST)
ਨਵੀਂ ਦਿੱਲੀ— ਕੇਂਦਰ ਸਰਕਾਰ ਵਲੋਂ ਅੱਜ ਯਾਨੀ ਕਿ ਮੰਗਲਵਾਰ ਦੁਪਹਿਰ 3 ਵਜੇ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਭਾਜਪਾ ਦੇ ਵੱਡੇ ਨੇਤਾ ਬੈਠਕ ਕਰ ਰਹੇ ਹਨ। ਇਹ ਬੈਠਕ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਦੇ ਘਰ ਚੱਲ ਰਹੀ ਹੈ। ਇਸ ਬੈਠਕ ਵਿਚ ਭਾਜਪਾ ਦੇ ਨੇਤਾ ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਪਿਊਸ਼ ਗੋਇਲ ਵੀ ਸ਼ਾਮਲ ਹਨ। ਬੈਠਕ 'ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਹਨ। ਨੱਢਾ ਦੇ ਘਰ ਬੁਲਾਈ ਗਈ ਬੈਠਕ 'ਚ ਕਿਸਾਨਾਂ ਨਾਲ ਗੱਲਬਾਤ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਕੇਂਦਰ ਨੇ ਅੱਜ ਦੁਪਹਿਰ ਕਿਸਾਨ ਜੱਥੇਬੰਦੀਆਂ ਨੂੰ ਦਿੱਤਾ ਗੱਲਬਾਤ ਦਾ ਸੱਦਾ
ਦੱਸਣਯੋਗ ਹੈ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹਜ਼ਾਰਾਂ ਕਿਸਾਨ ਦਿੱਲੀ ਨਾਲ ਲੱਗਦੇ ਬਾਰਡਰਾਂ 'ਤੇ ਮੰਗਲਵਾਰ ਨੂੰ ਲਗਾਤਾਰ 6ਵੇਂ ਦਿਨ ਡਟੇ ਹਨ। ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਇਨ੍ਹਾਂ ਕਾਨੂੰਨਾਂ ਕਾਰਨ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਖਤਮ ਹੋ ਜਾਵੇਗਾ। ਤੋਮਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਕੋਵਿਡ-19 ਅਤੇ ਠੰਡ ਨੂੰ ਵੇਖਦਿਆਂ ਅਸੀਂ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨੂੰ ਤੈਅ ਸਮਾਂ 3 ਦਸੰਬਰ ਦੀ ਬੈਠਕ ਤੋਂ ਪਹਿਲਾਂ ਚਰਚਾ ਲਈ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਬੈਠਕ 1 ਦਸੰਬਰ ਨੂੰ ਰਾਸ਼ਟਰੀ ਰਾਜਧਾਨੀ ਸਥਿਤ ਵਿਗਿਆਨ ਭਵਨ 'ਚ ਦੁਪਹਿਰ 3 ਵਜੇ ਬੁਲਾਈ ਗਈ ਹੈ।
ਇਹ ਵੀ ਪੜ੍ਹੋ: ਸਿੰਘੂ-ਟਿਕਰੀ ਬਾਰਡਰ 'ਤੇ 'ਗੁਰਬਾਣੀ' ਦੀ ਗੂੰਜ, ਪ੍ਰਦਰਸ਼ਨ ਦੌਰਾਨ ਵੀ ਕਿਸਾਨਾਂ 'ਚ ਨਹੀਂ ਘਟੀ ਆਸਥਾ
ਅਜਿਹੇ ਵਿਚ ਕੀ ਸਰਕਾਰ ਦੀ ਗੱਲਬਾਤ ਦੀ ਪਹਿਲ ਨੂੰ ਕਿਸਾਨ ਮੰਨਣਗੇ, ਇਸ 'ਤੇ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਹਨ। ਸਰਕਾਰ ਨਾਲ 3 ਵਜੇ ਹੋ ਰਹੀ ਬੈਠਕ 'ਚ 32 ਕਿਸਾਨ ਜਥੇਬੰਦੀਆਂ ਦੇ ਨੇਤਾ ਸ਼ਾਮਲ ਹੋਣਗੇ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਸੜਕਾਂ 'ਤੇ ਡਟੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨ ਲੈਂਦੀ, ਅਸੀਂ ਉਦੋਂ ਤੱਕ ਸੜਕਾਂ 'ਤੇ ਹੀ ਡਟੇ ਰਹਾਂਗੇ।