ਟੋਇਆਂ ਤੋਂ ਬਚਣ ਦੀ ਕੋਸ਼ਿਸ਼ ''ਚ ਪਲਟ ਗਏ ਵਾਹਨ, ਨੌਜਵਾਨ ਦੀ ਨਿਕਲੀ ਜਾਨ
Wednesday, Sep 23, 2026 - 05:33 PM (IST)
ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਸਮਸਵਾੜਾ ਸਥਿਤ 'ਜੈ ਯਸ਼ ਪੈਟਰੋਲ ਪੰਪ' ਨੇੜੇ ਮੰਗਲਵਾਰ ਦੇਰ ਰਾਤ ਸੜਕ ਦੇ ਟੋਇਆਂ ਤੋਂ ਬਚਣ ਦੀ ਕੋਸ਼ਿਸ਼ 'ਚ ਦੋ ਪਿਕਅੱਪ ਵਾਹਨਾਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਇੱਕ 24 ਸਾਲਾ ਨੌਜਵਾਨ ਦੀ ਮੌਤ ਹੋ ਗਈ।
ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਸੜਕ ਤੋਂ ਹੇਠਾਂ ਉੱਤਰ ਗਏ ਅਤੇ ਇੱਕ ਪਿਕਅੱਪ ਵਾਹਨ ਪਲਟ ਗਿਆ ਤੇ ਇੱਕ ਨੌਜਵਾਨ ਵਾਹਨ ਦੇ ਅੰਦਰ ਹੀ ਬੁਰੇ ਤਰ੍ਹਾਂ ਫਸ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਤੇ ਐਂਬੂਲੈਂਸ ਮੌਕੇ 'ਤੇ ਪਹੁੰਚੀਆਂ ਤੇ ਸਥਾਨਕ ਰਾਹਗੀਰਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ।
ਲਗਭਗ ਡੇਢ ਘੰਟੇ ਦੀ ਕੜੀ ਮਸ਼ੱਕਤ ਤੋਂ ਬਾਅਦ ਫਸੇ ਹੋਏ ਨੌਜਵਾਨ ਨੂੰ ਵਾਹਨ 'ਚੋਂ ਬਾਹਰ ਕੱਢ ਕੇ ਗੰਭੀਰ ਹਾਲਤ 'ਚ ਚੌਰਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਦੀਪ ਟੇਕਾਮ (24), ਪੁੱਤਰ ਰਤੀਰਾਮ ਟੇਕਾਮ, ਨਿਵਾਸੀ ਝੰਡਾ ਮੁਹਰਲੀ (ਛਿੰਦਵਾੜਾ) ਵਜੋਂ ਹੋਈ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਵਾਂ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
