ਦਿੱਲੀ ਦੇ ਇਸ ਰੁਝੇ ਫਲਾਈਓਵਰ ''ਚ ਆਈ ਵੱਡੀ ਦਰਾੜ
Thursday, Dec 28, 2017 - 05:58 PM (IST)
ਨਵੀਂ ਦਿੱਲੀ— ਦਿੱਲੀ ਦੇ ਰਿੰਗ ਰੋਡ 'ਤੇ ਲਾਜਪਤ ਨਗਰ ਇਲਾਕੇ 'ਚ ਆਸ਼ਰਮ ਤੋਂ ਮੂਲਚੰਦ ਵੱਲ ਜਾਣ ਵਾਲੇ ਫਲਾਈਓਵਰ ਦੇ ਇਕ ਹਿੱਸੇ 'ਤੇ ਵੱਡੀ ਦਰਾੜ ਆ ਗਈ ਹੈ। ਇਹ ਦਰਾੜ ਬੁੱਧਵਾਰ ਸ਼ਾਮ ਨੂੰ ਦੇਖੀ ਗਈ ਪਰ ਇਸ ਦੇ ਬਾਵਜੂਦ ਦੇਰ ਰਾਤ ਤੱਕ ਪੀ.ਡਬਲਿਊ.ਡੀ. ਤੋਂ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਦਾ ਜਾਇਜ਼ਾ ਲੈਣ ਨਹੀਂ ਪੁੱਜਿਆ। ਫਲਾਈਓਵਰ 'ਤੇ ਆਵਾਜਾਈ 'ਤੇ ਲਗਾਤਾਰ ਜਾਰੀ ਹੈ, ਜੋ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇਣ ਵਰਗਾ ਹੈ। ਦਰਾਰ ਇੰਨੀ ਵੱਡੀ ਹੈ ਕਿ ਆਸਾਨੀ ਨਾਲ ਕਿਸੇ ਵੀ ਦੋਪਹੀਆ ਵਾਹਨ ਦਾ ਪਹੀਆ ਇਸ 'ਚ ਫਸ ਸਕਦਾ ਹੈ। ਇਸ ਤੋਂ ਇਲਾਵਾ ਆਟੋ ਦੇ ਛੋਟੇ ਪਹੀਏ ਵੀ ਬਹੁਤ ਮੁਸ਼ਕਲ ਨਾਲ ਇਸ ਦਰਾੜ ਨੂੰ ਪਾਰ ਕਰ ਪਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਿੰਗ ਰੋਡ 'ਤੇ ਬਣੇ ਹਯਾਤ ਹੋਟਲ ਫਲਾਈਓਵਰ 'ਤੇ ਵੀ ਅਜਿਹੀ ਹੀ ਇਕ ਦਰਾੜ ਆ ਚੁਕੀ ਹੈ। ਅਜਿਹਾ 'ਚ ਵੱਡਾ ਸਵਾਲ ਇਹ ਹੈ ਕਿ ਕੀ ਦਿੱਲੀ 'ਚ ਫਲਾਈਓਵਰਾਂ ਦੀ ਸਾਂਭ-ਸੰਭਾਲ 'ਚ ਲਾਪਰਵਾਹੀ ਵਰਤੀ ਜਾ ਰਹੀ ਹੈ। ਲਾਜਪਤ ਨਗਰ ਫਲਾਈਓਵਰ 'ਚ ਪੁੱਲ ਦੇ 2 ਹਿੱਸਿਆਂ ਨੂੰ ਜੋੜਨ ਵਾਲੇ ਗਰਡਰ 'ਚ ਜੋ ਖਾਲੀ ਜਗ੍ਹਾ ਹੁੰਦੀ ਹੈ, ਉਸ 'ਚ ਲੱਗੀਆਂ ਪੱਤੀਆਂ ਆਪਣੀ ਜਗ੍ਹਾ ਤੋਂ ਹਟ ਚੁਕੀਆਂ ਹਨ, ਜਿਸ ਕਾਰਨ ਗਰਡਰ ਦਰਮਿਆਨ ਖਾਲੀ ਜਗ੍ਹਾ ਦੀ ਚੌੜਾਈ ਜ਼ਿਆਦਾ ਹੋ ਗਈ ਹੈ।
ਇਸ ਫਲਾਈਓਵਰ ਦੀ ਵਰਤੋਂ ਨੋਇਡਾ, ਗਾਜ਼ੀਆਬਾਦ ਅਤੇ ਪੂਰਬੀ ਦਿੱਲੀ ਤੋਂ ਧੌਲਾਕੁਆਂ ਜਾਣ ਲਈ ਰੋਜ਼ਾਨਾ ਹਜ਼ਾਰਾਂ ਵਾਹਨ ਚਾਲਕ ਕਰਦੇ ਹਨ, ਜਿਸ ਕਾਰਨ ਇਹ ਦਿੱਲੀ ਦੇ ਸਭ ਤੋਂ ਰੁਝੇ ਫਲਾਈਓਵਰਾਂ 'ਚੋਂ ਇਕ ਹੈ। ਹੁਣ ਗਰਡਰ ਦਰਮਿਆਨ ਚੌੜਾਈ ਇੰਨੀ ਵਧ ਹੋ ਗਈ ਹੈ ਕਿ ਛੋਟੀਆਂ ਗੱਡੀਆਂ ਦੇ ਪਹੀਏ ਇਸ 'ਚ ਹਲਕੇ-ਹਲਕੇ ਸਮਾਉਣ ਲੱਗੇ ਹਨ, ਜੋ ਕਿ ਖਤਰਨਾਕ ਸੰਕੇਤ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਲਾਜਪਤ ਨਗਰ ਦੇ ਇਸ ਫਲਾਈਓਵਰ 'ਚ ਦਰਾੜ ਆਈ ਹੋਵੇ। ਇਸ ਤੋਂ ਪਹਿਲਾਂ ਵੀ ਇਸੇ ਸਾਲ ਦੀ ਸ਼ੁਰੂਆਤ 'ਚ ਰਿੰਗ ਰੋਡ 'ਤੇ ਬਣੇ ਲਾਜਪਤ ਨਗਰ ਫਲਾਈਓਵਰ 'ਤੇ ਦਰਾੜਾਂ ਆ ਗਈਆਂ ਸਨ। ਇਸ ਦਰਾਰ ਨੂੰ ਭਰਨ 'ਚ ਕੁਝ ਹੀ ਦਿਨ ਬਾਅਦ ਰਿੰਗ ਰੋਡ 'ਤੇ ਹੀ ਬਣੇ ਭਿਕਾਜੀ ਕਾਮਾ ਪਲੇਸ ਫਲਾਈਓਵਰ 'ਚ ਵੀ ਏਮਜ਼ ਤੋਂ ਧੌਲਾਕੁੰਆਂ ਵੱਲ ਜਾਣ ਵਾਲੇ ਹਿੱਸੇ 'ਚ ਦਰਾਰ ਆ ਗਈ ਸੀ।
