ਚਮਤਕਾਰੀ ਭੂਰੇਸ਼ਵਰ ਮਹਾਦੇਵ: ਇੱਥੇ ਹਰ ਸਾਲ ਵਧ ਜਾਂਦਾ ਹੈ ਸ਼ਿਵਲਿੰਗ, ਸੈਂਕੜੇ ਸਾਲ ਪੁਰਾਣਾ ਹੈ ਇਤਿਹਾਸ
Wednesday, Feb 11, 2026 - 05:18 PM (IST)
ਜਾਲੌਨ- ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ 'ਚ ਸਨਾਤਨ ਧਰਮ ਦੀ ਅਥਾਹ ਸ਼ਰਧਾ ਦਾ ਇਕ ਅਜਿਹਾ ਕੇਂਦਰ ਹੈ, ਜੋ ਆਪਣੇ ਚਮਤਕਾਰੀ ਸ਼ਿਵਲਿੰਗ ਲਈ ਦੇਸ਼ ਭਰ 'ਚ ਮਸ਼ਹੂਰ ਹੈ। ਮਾਧਵਗੜ੍ਹ ਤਹਿਸੀਲ ਦੇ ਪਿੰਡ ਸਰਾਵਨ 'ਚ ਸਥਿਤ ਭੂਰੇਸ਼ਵਰ ਮਹਾਦੇਵ ਮੰਦਰ 'ਚ ਸਥਾਪਿਤ ਸ਼ਵੇਤਵਰਣ (ਚਿੱਟੇ ਰੰਗ ਦਾ) ਸ਼ਿਵਲਿੰਗ ਸਥਾਨਕ ਲੋਕਾਂ ਅਤੇ ਸ਼ਰਧਾਲੂਆਂ ਦੀ ਗੂੜ੍ਹੀ ਆਸਥਾ ਦਾ ਪ੍ਰਤੀਕ ਹੈ।
ਹਰ ਸਾਲ ਵਧਦੀ ਹੈ ਸ਼ਿਵਲਿੰਗ ਦੀ ਉਚਾਈ
ਇਸ ਪ੍ਰਾਚੀਨ ਮੰਦਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਸਥਾਪਿਤ ਚਿੱਟਾ ਸ਼ਿਵਲਿੰਗ ਹਰ ਸਾਲ ਚੌਲ ਦੇ ਇਕ ਦਾਣੇ ਦੇ ਬਰਾਬਰ ਵਧਦਾ ਹੈ। ਇਤਿਹਾਸਕਾਰਾਂ ਅਨੁਸਾਰ ਇਹ ਮੰਦਰ ਲਗਭਗ 1400 ਸਾਲ ਪੁਰਾਣਾ ਹੈ ਅਤੇ ਮੌਜੂਦਾ ਸਮੇਂ ਇਸ ਸ਼ਿਵਲਿੰਗ ਦੀ ਉਚਾਈ ਲਗਭਗ 97 ਸੈਂਟੀਮੀਟਰ ਤੱਕ ਪਹੁੰਚ ਚੁੱਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਰਧਾਲੂਆਂ ਅਨੁਸਾਰ ਇਸ ਸ਼ਿਵਲਿੰਗ ਦਾ ਰੂਪ ਦਿਨ 'ਚ ਤਿੰਨ ਵਾਰ- ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਵੱਖ-ਵੱਖ ਦਿਖਾਈ ਦਿੰਦਾ ਹੈ।
ਰਾਜਾ ਸ਼ਰਵਣ ਦੇਵ ਦੇ ਸੁਪਨੇ ਨਾਲ ਜੁੜਿਆ ਹੈ ਇਤਿਹਾਸ
ਮੰਦਰ ਦੇ ਨਿਰਮਾਣ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ। ਦੱਸਿਆ ਜਾਂਦਾ ਹੈ ਕਿ ਰਿਆਸਤ ਕਾਲ ਦੌਰਾਨ ਰਾਜਾ ਸ਼ਰਵਣ ਦੇਵ ਨੂੰ ਹਸਤਿਨਾਪੁਰ 'ਚ ਭਗਵਾਨ ਸ਼ਿਵ ਨੇ ਸੁਪਨੇ 'ਚ ਦਰਸ਼ਨ ਦਿੱਤੇ ਅਤੇ ਸ਼ਿਵਲਿੰਗ ਸਥਾਪਿਤ ਕਰਨ ਦਾ ਆਦੇਸ਼ ਦਿੱਤਾ। ਰਾਜਾ ਹਸਤਿਨਾਪੁਰ ਤੋਂ ਇਕ ਛੋਟਾ ਜਿਹਾ ਸ਼ਿਵਲਿੰਗ ਲੈ ਕੇ ਆਏ, ਪਰ ਜਦੋਂ ਉਨ੍ਹਾਂ ਨੇ ਇਸ ਨੂੰ ਪਿੰਡ ਨੇੜੇ ਇਕ ਥਾਂ 'ਤੇ ਰੱਖਿਆ, ਤਾਂ ਕਈ ਲੋਕਾਂ ਦੇ ਜ਼ੋਰ ਲਾਉਣ ਦੇ ਬਾਵਜੂਦ ਵੀ ਉਹ ਸ਼ਿਵਲਿੰਗ ਉੱਥੋਂ ਹਿੱਲਿਆ ਨਹੀਂ। ਇਸ ਨੂੰ ਭਗਵਾਨ ਦੀ ਇੱਛਾ ਮੰਨ ਕੇ ਰਾਜੇ ਨੇ ਉਸੇ ਸਥਾਨ 'ਤੇ ਮੰਦਰ ਬਣਾ ਦਿੱਤਾ। ਰਾਜਾ ਸ਼ਰਵਣ ਦੇਵ ਦੇ ਨਾਂ 'ਤੇ ਹੀ ਪਿੰਡ ਦਾ ਨਾਂ 'ਸਰਾਵਨ' ਪਿਆ।
800 ਸਾਲ ਪੁਰਾਣਾ 'ਹਰੀਸ਼ੰਕਰੀ' ਰੁੱਖ ਹੈ ਖਿੱਚ ਦਾ ਕੇਂਦਰ
ਮੰਦਰ ਕੰਪਲੈਕਸ 'ਚ ਇਕ 800 ਸਾਲ ਪੁਰਾਣਾ ਪਿੱਪਲ ਦਾ ਰੁੱਖ ਹੈ, ਜਿਸ ਦੇ ਵਿਚਕਾਰੋਂ ਇਕ ਨਿੰਮ ਦਾ ਰੁੱਖ ਉੱਗਿਆ ਹੋਇਆ ਹੈ। ਇਸ ਅਦਭੁੱਤ ਸੰਜੋਗ ਕਾਰਨ ਇਸ ਨੂੰ 'ਹਰੀਸ਼ੰਕਰੀ' ਕਿਹਾ ਜਾਂਦਾ ਹੈ। ਮਾਨਤਾ ਹੈ ਕਿ ਇਸ ਰੁੱਖ ਦੀ ਪਰਿਕਰਮਾ ਕਰਨ ਨਾਲ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਸਾਵਣ ਦੇ ਮਹੀਨੇ ਲੱਗਦੀਆਂ ਹਨ ਰੌਣਕਾਂ
ਮੰਦਰ ਦੀ ਵਾਸਤੂਕਲਾ ਵੀ ਬਹੁਤ ਵਿਲੱਖਣ ਹੈ, ਜਿਸ ਦੀ ਛੱਤ 6 ਮਜ਼ਬੂਤ ਖੰਭਿਆਂ 'ਤੇ ਟਿਕੀ ਹੋਈ ਹੈ। ਹਾਲਾਂਕਿ ਇੱਥੇ ਸਾਲ ਭਰ ਸ਼ਰਧਾਲੂ ਆਉਂਦੇ ਰਹਿੰਦੇ ਹਨ, ਪਰ ਸਾਵਣ ਦੇ ਮਹੀਨੇ ਅਤੇ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਇੱਥੇ ਭਾਰੀ ਭੀੜ ਉਮੜਦੀ ਹੈ। ਦੂਰ-ਦੂਰ ਤੋਂ ਹਜ਼ਾਰਾਂ ਸ਼ਰਧਾਲੂ ਇੱਥੇ ਜਲਾਭਿਸ਼ੇਕ ਅਤੇ ਰੁਦਰਾਭਿਸ਼ੇਕ ਕਰਨ ਲਈ ਪਹੁੰਚਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
