ਮੱਧ ਪ੍ਰਦੇਸ਼ ਸਰਕਾਰ ਦਾ ਐਲਾਨ- ਭੋਪਾਲ ਗੈਸ ਪੀੜਤਾਂ ਦੀਆਂ ਵਿਧਵਾਵਾਂ ਨੂੰ ਮਿਲੇਗੀ 1000 ਰੁਪਏ ਪੈਨਸ਼ਨ

Tuesday, Jul 13, 2021 - 04:53 PM (IST)

ਭੋਪਾਲ (ਭਾਸ਼ਾ)— ਮੱਧ ਪ੍ਰਦੇਸ਼ ਸਰਕਾਰ ਨੇ ਮੰਗਲਵਾਰ ਯਾਨੀ ਕਿ ਅੱਜ ਭੋਪਾਲ ਗੈਸ ਤ੍ਰਾਸਦੀ ਪੀੜਤਾਂ ਦੀਆਂ ਵਿਧਵਾਵਾਂ ਨੂੰ 1000 ਰੁਪਏ ਹਰ ਮਹੀਨਾ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ। ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੱਸਿਆ ਕਿ ਭੋਪਾਲ ਗੈਸ ਤ੍ਰਸਾਦੀ ਦੇ ਪੀੜਤਾਂ ਦੀਆਂ ਵਿਧਵਾਵਾਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਵਿੱਤ ਮਹਿਕਮੇ ਦੀ ਇਤਰਾਜ਼ ਦੇ ਬਾਵਜੂਦ ਸਰਕਾਰ ਵਲੋਂ ਇਹ ਫ਼ੈਸਲਾ ਲਿਆ ਹੈ।

PunjabKesari

ਮਿਸ਼ਰਾ ਨੇ ਅੱਗੇ ਦੱਸਿਆ ਕਿ ਕਮਲਨਾਥ ਵਾਲੀ ਪਿਛਲੀ ਕਾਂਗਰਸ ਸਰਕਾਰ ਨੇ ਸਾਲ 2019 ਵਿਚ ਇਹ ਪੈਨਸ਼ਨ ਰੋਕ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਭਾਜਪਾ ਸਰਕਾਰ ਨੇ ਸਾਲ 2013 ਵਿਚ ਇਹ ਪੈਨਸ਼ਨ ਸ਼ੁਰੂ ਕੀਤੀ ਸੀ ਅਤੇ ਹੁਣ ਮੌਜੂਦਾ ਭਾਜਪਾ ਸਰਕਾਰ ਨੇ ਇਸ ਨੂੰ ਮੁੜ ਤੋਂ ਦੇਣ ਦਾ ਫ਼ੈਸਲਾ ਕੀਤਾ ਹੈ। ਮੱਧ ਪ੍ਰਦੇਸ਼ ਸਰਕਾਰ ਦੇ ਇਸ ਫ਼ੈਸਲੇ ਦਾ ਗੈਰ-ਸਰਕਾਰੀ ਸੰਗਠਨ ਭੋਪਾਲ ਗਰੁੱਪ ਫਾਰ ਇੰਫਾਰਮੇਸ਼ਨ ਐਂਡ ਐਕਸ਼ਨ ਨੇ ਸਵਾਗਤ ਕੀਤਾ ਹੈ। 

PunjabKesari

ਗਰੁੱਪ ਮੈਂਬਰ ਰਚਨਾ ਢੀਂਗਰਾ ਨੇ ਕਿਹਾ ਕਿ ਪਿਛਲੇ ਇਕ ਸਾਲ ’ਚ ਕਈ ਐਲਾਨ ਹੋਏ ਹਨ ਪਰ ਇਨ੍ਹਾਂ ਵਿਧਵਾਵਾਂ ਨੂੰ ਹੁਣ ਤੱਕ ਉਨ੍ਹਾਂ ਦੇ ਖਾਤੇ ’ਚ ਇਕ ਵੀ ਰੁਪਇਆ ਨਹੀਂ ਮਿਲਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੀੜਤਾਂ ਦੀਆਂ ਵਿਧਵਾਵਾਂ ਨੂੰ ਦਸੰਬਰ 2019 ਤੋਂ ਉਨ੍ਹਾਂ ਦੀ ਪੈਨਸ਼ਨ ਨਹੀਂ ਮਿਲੀ ਹੈ, ਇਸ ਲਈ ਉਨ੍ਹਾਂ ਦੇ ਬਕਾਏ ਦਾ ਤੁਰੰਤ ਭੁਗਤਾਨ ਕਰਨ ਦੀ ਲੋੜ ਹੈ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਸਥਿਤ ਯੂਨੀਅਨ ਕਾਰਬਾਈਡ ਇੰਡੀਆ ਲਿਮਟਿਡ ਦੇ ਕੀਟਨਾਸ਼ਕ ਪਲਾਂਟ ਤੋਂ 2-3 ਦਸੰਬਰ 1984 ਦੀ ਮੱਧ ਰਾਤ ਨੂੰ ਮਿਥਾਈਲ ਆਈਸੋਸਾਈਨੇਟ ਦੇ ਰਿਸਾਅ ਨਾਲ ਸ਼ਹਿਰ ਦੇ 15 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 5 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ।


Tanu

Content Editor

Related News