ਸੈਕਸ ਰੈਕੇਟ ਚਲਾਉਣ ਦੇ ਦੋਸ਼ ਹੇਠ ਭੋਜਪੁਰੀ ਅਦਾਕਾਰਾ ਗ੍ਰਿਫ਼ਤਾਰ, ਦੋ ਔਰਤਾਂ ਨੂੰ ਕਰਵਾਇਆ ਮੁਕਤ

Tuesday, Sep 29, 2026 - 11:05 PM (IST)

ਸੈਕਸ ਰੈਕੇਟ ਚਲਾਉਣ ਦੇ ਦੋਸ਼ ਹੇਠ ਭੋਜਪੁਰੀ ਅਦਾਕਾਰਾ ਗ੍ਰਿਫ਼ਤਾਰ, ਦੋ ਔਰਤਾਂ ਨੂੰ ਕਰਵਾਇਆ ਮੁਕਤ

ਮੁੰਬਈ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਕ੍ਰਾਈਮ ਬ੍ਰਾਂਚ ਦੀ ਐਂਟੀ-ਹਿਊਮਨ ਟ੍ਰੈਫਿਕਿੰਗ ਸੈੱਲ ਨੇ ਸੈਕਸ ਰੈਕੇਟ ਚਲਾਉਣ ਦੇ ਦੋਸ਼ ਹੇਠ ਇੱਕ ਭੋਜਪੁਰੀ ਅਦਾਕਾਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਕਾਰਵਾਈ ਕਰਦਿਆਂ ਦੋ ਔਰਤਾਂ ਨੂੰ ਵੀ ਸੁਰੱਖਿਅਤ ਮੁਕਤ ਕਰਵਾਇਆ ਹੈ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਦੇਹ ਵਪਾਰ ਦੇ ਧੰਦੇ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਸੀਨੀਅਰ ਪੁਲਸ ਇੰਸਪੈਕਟਰ ਅੰਜਲੀ ਆਂਧਲੇ ਨੂੰ ਅਦਾਕਾਰਾ ਵੱਲੋਂ ਦੇਹ ਵਪਾਰ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਸਬੰਧੀ ਪੁਖ਼ਤਾ ਜਾਣਕਾਰੀ ਮਿਲੀ ਸੀ। ਇਸ ਸੂਚਨਾ ਦੇ ਆਧਾਰ 'ਤੇ AHTC ਦੀ ਟੀਮ ਨੇ ਠਾਣੇ ਦੇ ਵਾਗਲੇ ਅਸਟੇਟ ਸਥਿਤ ਪਦਵਾਲ ਨਗਰ ਇਲਾਕੇ ਵਿੱਚ ਜਾਲ ਵਿਛਾਇਆ। 26 ਸਤੰਬਰ ਨੂੰ ਦੁਪਹਿਰ ਲਗਭਗ 3 ਵਜੇ ਪੁਲਸ ਨੇ ਅਦਾਕਾਰਾ ਨੂੰ ਉਸ ਸਮੇਂ ਕਾਬੂ ਕਰ ਲਿਆ, ਜਦੋਂ ਉਹ ਦੋ ਔਰਤਾਂ ਨੂੰ ਦੇਹ ਵਪਾਰ ਵਿੱਚ ਧੱਕਣ ਦੀ ਕੋਸ਼ਿਸ਼ ਕਰ ਰਹੀ ਸੀ।

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਅਦਾਕਾਰਾ ਭੋਜਪੁਰੀ ਤੋਂ ਇਲਾਵਾ ਕਈ ਹਿੰਦੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਵੱਖ-ਵੱਖ ਡਿਜੀਟਲ ਸਟ੍ਰੀਮਿੰਗ ਪਲੇਟਫ਼ਾਰਮਾਂ (OTT) 'ਤੇ ਰਿਲੀਜ਼ ਹੋਈਆਂ 10 ਤੋਂ ਵੱਧ ਵੈੱਬ ਸੀਰੀਜ਼ਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਪੁਲਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਨੈੱਟਵਰਕ ਵਿੱਚ ਉਸ ਨਾਲ ਹੋਰ ਕੌਣ-ਕੌਣ ਸ਼ਾਮਲ ਹਨ।

ਪੁਲਸ ਨੇ ਦੋਸ਼ੀ ਅਦਾਕਾਰਾ ਵਿਰੁੱਧ ਭਾਰਤੀ ਨਿਆਇ ਸੰਹਿਤਾ (BNS) ਦੀਆਂ ਸੰਬੰਧਿਤ ਧਾਰਾਵਾਂ ਅਤੇ ਅਨੈਤਿਕ ਦੇਹ ਵਪਾਰ ਰੋਕਥਾਮ ਐਕਟ (ITP Act) ਤਹਿਤ FIR ਦਰਜ ਕਰ ਲਈ ਹੈ। ਮੁਕਤ ਕਰਵਾਈਆਂ ਗਈਆਂ ਦੋਵੇਂ ਔਰਤਾਂ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਪੂਰੇ ਨੈੱਟਵਰਕ ਦੀ ਜਾਂਚ ਲਈ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ।


author

Inder Prajapati

Content Editor

Related News