ਬੰਗਲਾਦੇਸ਼ 'ਚ ਵਿਗੜੇ ਹਲਾਤ ਦਰਮਿਆਨ ਏਅਰ ਇੰਡੀਆ, ਇੰਡੀਗੋ, ਵਿਸਤਾਰਾ ਨੇ ਢਾਕਾ ਲਈ ਉਡਾਣਾਂ ਕੀਤੀਆਂ ਰੱਦ
Tuesday, Aug 06, 2024 - 01:30 PM (IST)
ਨਵੀਂ ਦਿੱਲੀ- ਬੰਗਲਾਦੇਸ਼ 'ਚ ਵੱਡੇ ਪੱਧਰ 'ਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚਾਲੇ ਏਅਰ ਇੰਡੀਆ ਨੇ ਮੰਗਲਵਾਰ ਨੂੰ ਦਿੱਲੀ ਤੋਂ ਢਾਕਾ ਜਾਣ ਵਾਲੀਆਂ ਫਲਾਈਟਾਂ ਰੱਦ ਕਰ ਦਿੱਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਇੰਡੀਗੋ ਅਤੇ ਵਿਸਤਾਰਾ ਨੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਲਈ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਵਿਸਤਾਰਾ ਮੁੰਬਈ ਤੋਂ ਢਾਕਾ ਤੱਕ ਰੋਜ਼ਾਨਾ ਉਡਾਣਾਂ ਦਾ ਸੰਚਾਲਨ ਕਰਦੀ ਹੈ। ਕੰਪਨੀ ਦਿੱਲੀ ਅਤੇ ਢਾਕਾ ਵਿਚਕਾਰ ਤਿੰਨ ਹਫਤਾਵਾਰੀ ਫਲਾਈਟ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ।
ਇਹ ਵੀ ਪੜ੍ਹੋ- 'ਰੱਦ ਹੋ ਗਈਆਂ ਸਾਰੀਆਂ ਟਰੇਨਾਂ', ਬੰਗਲਾਦੇਸ਼ 'ਚ ਵਿਗੜੇ ਹਲਾਤਾਂ ਵਿਚਾਲੇ ਭਾਰਤ ਸਰਕਾਰ ਦਾ ਫ਼ੈਸਲਾ
ਸਮਾਂ ਸਾਰਣੀ ਮੁਤਾਬਕ ਏਅਰ ਇੰਡੀਆ ਦਿੱਲੀ ਅਤੇ ਢਾਕਾ ਦਰਮਿਆਨ ਰੋਜ਼ਾਨਾ ਦੋ ਉਡਾਣਾਂ ਦਾ ਸੰਚਾਲਨ ਕਰਦੀ ਹੈ। ਏਅਰ ਇੰਡੀਆ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਬੰਗਲਾਦੇਸ਼ 'ਚ ਬਦਲਦੀ ਸਥਿਤੀ ਦੇ ਮੱਦੇਨਜ਼ਰ ਅਸੀਂ ਤੁਰੰਤ ਪ੍ਰਭਾਵ ਤੋਂ ਢਾਕਾ ਜਾਣ ਅਤੇ ਆਉਣ ਵਾਲੀਆਂ ਆਪਣੀਆਂ ਉਡਾਣਾਂ ਦੇ ਨਿਰਧਾਰਤ ਸੰਚਾਲਨ ਨੂੰ ਰੱਦ ਕਰ ਦਿੱਤਾ ਹੈ। ਅਸੀਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ ਅਤੇ ਢਾਕਾ ਤੋਂ ਆਉਣ-ਜਾਣ ਦੀ ਕਨਫਰਮ ਕੀਤੀ ਟਿਕਟਾਂ ਦੇ ਨਾਲ ਆਪਣੇ ਯਾਤਰੀਆਂ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਹਾਂ, ਜਿਸ ਵਿਚ ਮੁੜ ਸਮਾਂ-ਸਾਰਣੀ ਅਤੇ ਰੱਦ ਕਰਨ ਦੇ ਖਰਚਿਆਂ 'ਤੇ ਇਕ ਵਾਰ ਦੀ ਛੋਟ ਸ਼ਾਮਲ ਹੈ। ਕੰਪਨੀ ਨੇ ਕਿਹਾ ਕਿ ਯਾਤਰੀ ਅਤੇ ਚਾਲਕ ਦਲ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਬੰਗਲਾਦੇਸ਼ ਵਿਚ ਰਾਖਵਾਂਕਰਨ ਵਿਰੋਧੀ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਚਾਨਕ ਅਸਤੀਫ਼ਾ ਦੇਣ ਅਤੇ ਦੇਸ਼ ਛੱਡਣ ਨਾਲ ਉੱਥੇ ਅਰਾਜਕਤਾ ਦੀ ਸਥਿਤੀ ਪੈਦਾ ਹੋ ਗਈ ਹੈ। ਹਸੀਨਾ ਸੋਮਵਾਰ ਰਾਤ ਬੰਗਲਾਦੇਸ਼ ਹਵਾਈ ਸੈਨਾ ਦੇ ਸੀ-130ਜੇ ਮਿਲਟਰੀ ਜਹਾਜ਼ ਰਾਹੀਂ ਭਾਰਤ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਉਹ ਲੰਡਨ ਜਾਣ ਦੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ- ਮਾਂ-ਪਿਓ ਤੇ ਭਰਾ ਦਾ ਕਤਲ, ਦੋ ਵਾਰ ਮੌਤ ਨੂੰ ਹਰਾਇਆ; ਜਾਣੋ ਸ਼ੇਖ ਹਸੀਨਾ ਦੀ ਪੂਰੀ ਕਹਾਣੀ
ਕੀ ਹੈ ਵਿਵਾਦ ਦੀ ਅਸਲ ਜੜ੍ਹ?
ਦਰਅਸਲ ਬੰਗਲਾਦੇਸ਼ ਵਿਚ ਸਰਕਾਰੀ ਨੌਕਰੀਆਂ ਦੇ ਸਬੰਧ 'ਚ ਰਾਖਵਾਂਕਰਨ ਕਾਨੂੰਨ ਦੀ ਵਿਵਸਥਾ ਹੈ। ਬੰਗਲਾਦੇਸ਼ ਵਿਚ 56 ਫੀਸਦੀ ਸਰਕਾਰੀ ਨੌਕਰੀਆਂ ਰਾਖਵੇਂਕਰਨ ਪ੍ਰਣਾਲੀ ਤਹਿਤ ਰਾਖਵੀਆਂ ਹਨ। ਇਨ੍ਹਾਂ ਨੌਕਰੀਆਂ ਵਿਚੋਂ 30 ਫ਼ੀਸਦੀ 1971 ਦੀ ਆਜ਼ਾਦੀ ਦੀ ਲੜਾਈ ਦੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ ਰਾਖਵੇਂ ਹਨ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਲੋਕਾਂ ਨੂੰ ਰਾਖਵਾਂਕਰਨ ਦੇਣ ਦੇ ਪੱਖ ਵਿਚ ਹੈ, ਜੋ ਸ਼ੇਖ ਹਸੀਨਾ ਸਰਕਾਰ ਦਾ ਸਮਰਥਨ ਕਰਦੇ ਹਨ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਮੈਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਬੰਗਲਾਦੇਸ਼ ਵਿਚ ਸਰਕਾਰੀ ਨੌਕਰੀਆਂ 'ਚ 30 ਫੀਸਦੀ ਰਾਖਵੇਂਕਰਨ ਦੀ ਕੋਟਾ ਪ੍ਰਣਾਲੀ ਨੂੰ ਲੈ ਕੇ ਪਿਛਲੇ ਮਹੀਨੇ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8