ਮਾਸੂਮ ਬੱਚੀਆਂ ਦਾ ਸ਼ੋਸ਼ਣ ਕਰਨ ਵਾਲੇ ਦੇ ਦੋਸ਼ੀ ਦਾ ਹੋਇਆ ਐਨਕਾਊਂਟਰ, ਪੁਲਸ ਦੀ ਰਿਵਾਲਵਰ ਖੋਹ ਕੇ ਕੀਤੀ ਸੀ ਫਾਇਰਿੰਗ
Monday, Sep 23, 2024 - 09:27 PM (IST)
ਨੈਸ਼ਨਲ ਡੈਸਕ- ਬਦਲਾਪੁਰ ਦੇ ਇੱਕ ਸਕੂਲ ਵਿੱਚ ਮਾਸੂਮ ਬੱਚੀਆਂ ਦਾ ਸ਼ੋਸ਼ਣ ਕਰਨ ਦਾ ਦੋਸ਼ੀ ਅਕਸ਼ੈ ਸ਼ਿੰਦੇ ਪੁਲਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਪਤਾ ਲੱਗਾ ਹੈ ਕਿ ਦੋਸ਼ੀ ਅਕਸ਼ੈ ਸ਼ਿੰਦੇ ਨੇ ਪੁਲਸ ਦੀ ਕਾਰ 'ਚੋਂ ਰਿਵਾਲਵਰ ਖੋਹ ਲਿਆ ਸੀ ਅਤੇ ਪੁਲਸ ਟੀਮ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਮੁਲਜ਼ਮਾਂ ਨੇ ਪੁਲਸ ਟੀਮ ’ਤੇ ਕਈ ਰਾਊਂਡ ਫਾਇਰ ਕੀਤੇ, ਜਿਸ ਵਿੱਚ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਸ ਟੀਮ ਅਕਸ਼ੈ ਨੂੰ ਤਲੋਜਾ ਜੇਲ੍ਹ ਤੋਂ ਆਪਣੇ ਨਾਲ ਲੈ ਕੇ ਜਾ ਰਹੀ ਸੀ।
ਪੁਲਸ ਨੇ ਦੱਸਿਆ ਕਿ ਦੋਸ਼ੀ ਵਲੋਂ ਪੁਲਸ ਟੀਮ 'ਤੇ ਫਾਇਰਿੰਗ ਕਰਨ ਤੋਂ ਬਾਅਦ ਉਸ ਖਿਲਾਫ ਜਵਾਬੀ ਫਾਇਰਿੰਗ ਕੀਤੀ ਗਈ, ਜਿਸ 'ਚ ਅਕਸ਼ੈ ਨੂੰ ਗੋਲੀ ਲੱਗ ਗਈ। ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਦੋ ਪੁਲਸ ਮੁਲਾਜ਼ਮਾਂ ਨੂੰ ਵੀ ਲੱਗੀ ਗੋਲੀ, ਇਕ ICU 'ਚ ਦਾਖਲ
ਪੁਲਸ ਅਨੁਸਾਰ ਮੁਲਜ਼ਮ ਅਕਸ਼ੈ ਸ਼ਿੰਦੇ ਨੂੰ ਪੁਲਸ ਵੈਨ ਵਿੱਚ ਟਰਾਂਜ਼ਿਟ ਰਿਮਾਂਡ ’ਤੇ ਲਿਜਾਇਆ ਜਾ ਰਿਹਾ ਸੀ, ਜਦੋਂ ਉਸ ਨੇ ਪੁਲਸ ਦਾ ਸਰਵਿਸ ਰਿਵਾਲਵਰ ਖੋਹ ਲਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਘਟਨਾ 'ਚ ਪੁਲਸ ਇੰਸਪੈਕਟਰ ਸੰਜੇ ਸ਼ਿੰਦੇ ਨੂੰ ਵੀ ਗੋਲੀ ਲੱਗੀ ਸੀ, ਜਿਸ ਤੋਂ ਬਾਅਦ ਉਸ ਨੇ ਆਤਮ ਰੱਖਿਆ 'ਚ ਅਕਸ਼ੈ ਸ਼ਿੰਦੇ 'ਤੇ ਗੋਲੀ ਚਲਾ ਦਿੱਤੀ ਸੀ। ਅਕਸ਼ੈ ਸ਼ਿੰਦੇ ਨੇ ਪੁਲਸ 'ਤੇ ਤਿੰਨ ਰਾਉਂਡ ਫਾਇਰ ਕੀਤੇ, ਜਿਸ 'ਚ ਏ.ਪੀ.ਆਈ. ਨੀਲੇਸ਼ ਮੋਰੇ ਵੀ ਜ਼ਖਮੀ ਹੋ ਗਿਆ।
ਜ਼ਖਮੀ ਇੰਸਪੈਕਟਰ ਸੰਜੇ ਸ਼ਿੰਦੇ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਤੋਂ ਬਾਅਦ ਪੁਲਸ ਨੇ ਦੋਸ਼ੀ ਅਕਸ਼ੈ ਸ਼ਿੰਦੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮਾਮਲੇ 'ਚ ਪੁਲਸ ਦਾ ਕਹਿਣਾ ਹੈ ਕਿ ਅਕਸ਼ੈ ਸ਼ਿੰਦੇ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਅਦਾਲਤ 'ਚ ਪੇਸ਼ ਕਰਨ ਲਈ ਲਿਜਾਇਆ ਜਾ ਰਿਹਾ ਸੀ, ਜਦੋਂ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਪੁਲਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।