ਅਮਰੀਕਾ ਖਿੱਚ ਕੇ ਲੈ ਗਈ ਮੌਤ, ਟਰੱਕ 'ਚ ਜਿਊਂਦਾ ਸੜ ਗਿਆ 22 ਸਾਲਾ ਸੁਖਬੀਰ
Friday, May 02, 2025 - 01:51 PM (IST)

ਕਰਨਾਲ- ਹਰਿਆਣਾ ਦੇ ਕਰਨਾਲ ਦੇ ਪਿੰਡ ਸੌਂਕੜਾ ਦੇ ਰਹਿਣ ਵਾਲੇ 22 ਸਾਲਾ ਸੁਖਬੀਰ ਸਿੰਘ ਦੀ ਅਮਰੀਕਾ ਵਿਚ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਟਰੱਕ ਚਲਾਉਂਦੇ ਸਮੇਂ ਵਾਪਰਿਆ। ਦਰਅਸਲ ਸੁਖਬੀਰ ਦਾ ਟਰੱਕ ਅਚਾਨਕ ਡਿਵਾਈਡਰ ਨਾਲ ਟਕਰਾ ਗਿਆ ਅਤੇ ਜਿਸ ਕਾਰਨ ਅੱਗ ਲੱਗ ਗਈ। ਸੁਖਬੀਰ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਅੱਗ 'ਚ ਉਹ ਜ਼ਿੰਦਾ ਸੜ ਗਿਆ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ।
ਇਸ ਦੁਖਦ ਘਟਨਾ ਦੀ ਖ਼ਬਰ ਮਿਲਦਿਆਂ ਦੀ ਸੁਖਬੀਰ ਦੀ ਇੰਗਲੈਂਡ ਤੋਂ ਆਈ ਭੈਣ ਦੀ ਹਾਲਤ ਬੇਹੱਦ ਵਿਗੜ ਗਈ ਹੈ। ਸੁਖਬੀਰ ਦੇ ਤਾਇਆ ਰਾਜਿੰਦਰ ਸਿੰਘ ਨੇ ਦੱਸਿਆ ਕਿ ਸੁਖਬੀਰ ਕੱਲ੍ਹ ਸ਼ਾਮ ਆਪਣੇ ਪਰਿਵਾਰ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਘਰ ਪਹੁੰਚਣ ਤੋਂ ਬਾਅਦ ਗੱਲ ਕਰੇਗਾ। ਪਰਿਵਾਰ ਨੂੰ ਹਾਦਸੇ ਦੀ ਖ਼ਬਰ 30 ਮਿੰਟ ਬਾਅਦ ਮਿਲੀ। ਸੁਖਬੀਰ 4 ਸਾਲ ਪਹਿਲਾਂ ਡੰਕੀ ਰੂਟ ਜ਼ਰੀਏ ਅਮਰੀਕਾ ਗਿਆ ਸੀ। ਹਾਦਸੇ ਦੇ ਸਮੇਂ ਸੁਖਬੀਰ ਟਰੱਕ 'ਚ ਸਾਮਾਨ ਲੋਡ ਕਰ ਕੇ ਜਾ ਰਿਹਾ ਸੀ। ਤਾਏ ਨੇ ਦੱਸਿਆ ਕਿ ਸਾਡੇ ਕੋਲ ਜਿੰਨੀ ਜਾਣਕਾਰੀ ਹੈ, ਉਸ ਮੁਤਾਬਕ ਟਰੱਕ ਪਹਿਲਾਂ ਡਿਵਾਈਡਰ ਨਾਲ ਟਕਰਾਇਆ ਅਤੇ ਡੀਜ਼ਲ ਟੈਂਕ ਫਟ ਗਿਆ ਅਤੇ ਉਸ ਵਿਚ ਅੱਗ ਲੱਗ ਗਈ। ਸੁਖਬੀਰ ਨੇ ਕੋਸ਼ਿਸ਼ ਕੀਤੀ। ਉਸ ਨੇ ਕਿਸੇ ਤਰ੍ਹਾਂ ਆਪਣਾ ਫੋਨ ਬਾਹਰ ਸੁੱਟ ਦਿੱਤਾ ਪਰ ਉਹ ਖ਼ੁਦ ਬਾਹਰ ਨਿਕਲ ਵਿਚ ਅਸਫ਼ਲ ਰਿਹਾ।
ਮ੍ਰਿਤਕ ਦੇ ਚਾਚਾ ਨੇ ਦੱਸਿਆ ਕਿ ਸੁਖਬੀਰ ਡੰਕੀ ਰੂਟ ਜ਼ਰੀਏ ਅਮਰੀਕਾ ਗਿਆ ਸੀ। ਮ੍ਰਿਤਕ ਦੇ ਪਰਿਵਾਰ ਦੇ ਕੁਝ ਲੋਕ ਵਿਦੇਸ਼ ਵਿਚ ਸਨ। ਸੁਖਬੀਰ ਦਾ ਵੀ ਵਿਦੇਸ਼ ਜਾਣ ਦਾ ਮਨ ਸੀ। ਹੁਣ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਤਾਏ ਨੇ ਦੱਸਿਆ ਕਿ ਅਜੇ 3 ਮਹੀਨੇ ਪਹਿਲਾਂ ਭੈਣ ਦਾ ਵਿਆਹ ਕੀਤਾ ਸੀ। ਘਰ ਵਿਚ ਬਹੁਤ ਖੁਸ਼ੀ ਦਾ ਮਾਹੌਲ ਸੀ। ਹਾਦਸੇ ਮਗਰੋਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।