ਰਾਮਪੁਰ ਜੇਲ੍ਹ ''ਚੋਂ ਰਿਹਾਅ ਹੁੰਦਿਆਂ ਹੀ ਆਜ਼ਮ ਖ਼ਾਨ ਗ੍ਰਿਫ਼ਤਾਰ, ED ਨੇ ਕੱਸਿਆ ਸ਼ਿਕੰਜਾ
Saturday, Oct 31, 2026 - 10:04 PM (IST)
ਲਖਨਊ : ਸਮਾਜਵਾਦੀ ਪਾਰਟੀ (ਸਪਾ) ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਿਨਟ ਮੰਤਰੀ ਮੁਹੰਮਦ ਆਜ਼ਮ ਖ਼ਾਨ ਨੂੰ ਰਾਮਪੁਰ ਜੇਲ੍ਹ 'ਚੋਂ ਰਿਹਾਅ ਹੁੰਦਿਆਂ ਹੀ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਈ.ਡੀ. ਦੀ ਟੀਮ ਪੈਰਾ-ਮਿਲਟਰੀ ਫੋਰਸ ਦੇ ਜਵਾਨਾਂ ਨਾਲ ਤਿੰਨ ਗੱਡੀਆਂ ਵਿੱਚ ਰਾਮਪੁਰ ਜੇਲ੍ਹ ਦੇ ਬਾਹਰ ਪਹੁੰਚੀ ਸੀ, ਜਿੱਥੋਂ ਉਨ੍ਹਾਂ ਨੇ ਆਜ਼ਮ ਖ਼ਾਨ ਨੂੰ ਆਪਣੀ ਹਿਰਾਸਤ ਵਿੱਚ ਲਿਆ।
ਈ.ਡੀ. ਵੱਲੋਂ ਆਜ਼ਮ ਖ਼ਾਨ ਖ਼ਿਲਾਫ਼ ਇਹ ਕਾਰਵਾਈ ਸਾਲ 2019 ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਕੀਤੀ ਗਈ ਹੈ। ਇਹ ਪੂਰਾ ਮਾਮਲਾ ਰਾਮਪੁਰ ਸਥਿਤ ਮੌਲਾਨਾ ਮੁਹੰਮਦ ਅਲੀ ਜੌਹਰ ਟਰੱਸਟ ਅਤੇ ਮੁਹੰਮਦ ਅਲੀ ਜੌਹਰ ਯੂਨੀਵਰਸਿਟੀ ਨਾਲ ਜੁੜੀਆਂ ਵਿੱਤੀ ਅਨਿਯਮਤਾਵਾਂ, ਭ੍ਰਿਸ਼ਟਾਚਾਰ ਅਤੇ ਜ਼ਮੀਨਾਂ ਹੜੱਪਣ ਦੇ ਦੋਸ਼ਾਂ ਨਾਲ ਸਬੰਧਤ ਹੈ। ਇਸ ਤੋਂ ਪਹਿਲਾਂ 28 ਅਕਤੂਬਰ ਨੂੰ ਈ.ਡੀ. ਨੇ ਜੌਹਰ ਯੂਨੀਵਰਸਿਟੀ ਦੀ ਜ਼ਮੀਨ ਅਤੇ ਇਮਾਰਤਾਂ ਨੂੰ ਅਸਥਾਈ ਤੌਰ 'ਤੇ ਜ਼ਬਤ (ਅਟੈਚ) ਕੀਤਾ ਸੀ, ਜਿਨ੍ਹਾਂ ਦੀ ਕੀਮਤ 400 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਸੀ।
ਜੇਲ੍ਹ 'ਚੋਂ ਬਾਹਰ ਆ ਕੇ ਈ.ਡੀ. ਦੀ ਹਿਰਾਸਤ ਵਿੱਚ ਜਾਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਆਜ਼ਮ ਖ਼ਾਨ ਨੇ ਕਿਹਾ ਕਿ ਹੁਣ ਕਹਿਣ ਲਈ ਕੁਝ ਨਹੀਂ ਬਚਿਆ ਅਤੇ ਕਾਨੂੰਨ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਸਵਾਲ ਚੁੱਕਦਿਆਂ ਕਿਹਾ, "ਕੀ ਮੁਸਲਮਾਨ ਹੋਣ ਦੀ ਇਹ ਸਜ਼ਾ ਹੈ? ਸਾਡੀ ਗਲਤੀ ਬੱਸ ਇੰਨੀ ਸੀ ਕਿ ਇੱਕ ਮੁਸਲਮਾਨ ਨੇ ਯੂਨੀਵਰਸਿਟੀ ਅਤੇ ਬੱਚਿਆਂ ਲਈ ਸਕੂਲ ਬਣਾਏ"। ਹਿਰਾਸਤ ਵਿੱਚ ਲਏ ਜਾਣ ਦੌਰਾਨ ਉਨ੍ਹਾਂ ਨੇ ਮੌਕੇ 'ਤੇ ਮੌਜੂਦ ਆਪਣੇ ਸਮਰਥਕਾਂ ਵੱਲ ਹੱਥ ਹਿਲਾਇਆ ਅਤੇ ਰੱਬ (ਅੱਲਾਹ) ਵੱਲ ਇਸ਼ਾਰਾ ਕੀਤਾ।
ਜ਼ਿਕਰਯੋਗ ਹੈ ਕਿ ਇਲਾਹਾਬਾਦ ਹਾਈ ਕੋਰਟ ਨੇ ਦੋ ਪੈਨ ਕਾਰਡਾਂ ਨਾਲ ਜੁੜੇ ਮਾਮਲੇ ਵਿੱਚ ਆਜ਼ਮ ਖ਼ਾਨ ਅਤੇ ਉਨ੍ਹਾਂ ਦੇ ਬੇਟੇ ਅਬਦੁੱਲਾ ਆਜ਼ਮ ਖ਼ਾਨ ਦੀ ਸਜ਼ਾ 'ਤੇ ਰੋਕ ਅਤੇ ਰਾਹਤ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਜੇਲ੍ਹ 'ਚੋਂ ਰਿਹਾਈ ਹੋਈ ਸੀ। ਦੂਜੇ ਪਾਸੇ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਆਜ਼ਮ ਖ਼ਾਨ ਦੀ ਗ੍ਰਿਫ਼ਤਾਰੀ 'ਤੇ ਭਾਜਪਾ (BJP) ਸਰਕਾਰ ਦੀ ਤਿੱਖੀ ਨਿੰਦਾ ਕੀਤੀ ਹੈ।
