ਅਯੁੱਧਿਆ ਸਨਾਤਨ ਧਰਮ, ਸਿੱਖ ਧਰਮ ਦਾ ''ਸੰਗਮ ਅਸਥਾਨ'': ਪੁਰੀ
Tuesday, Mar 04, 2025 - 03:25 PM (IST)

ਨਵੀਂ ਦਿੱਲੀ- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅਯੁੱਧਿਆ ਵਿਚ ਰਾਮ ਮੰਦਰ ਵਿਚ ਦਰਸ਼ਨ ਕੀਤੇ ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਪਵਿੱਤਰ ਸ਼ਹਿਰ ਨੂੰ ਸਨਾਤਨ ਧਰਮ ਅਤੇ ਸਿੱਖ ਧਰਮ ਦਾ 'ਸੰਗਮ ਅਸਥਾਨ' ਦੱਸਿਆ। ਪੈਟਰੋਲੀਅਮ ਮੰਤਰੀ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦੀ ਆਪਣੀ ਯਾਤਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ, ਜਿਸ ਵਿਚ ਉਨ੍ਹਾਂ ਨੇ ਮੰਦਰ ਦੇ ਸ਼ਹਿਰ ਦੇ ਮਹੱਤਵ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ 'ਐਕਸ' 'ਤੇ ਕੀਤੇ ਗਏ ਪੋਸਟ 'ਚ ਕਿਹਾ ਕਿ ਅਯੁੱਧਿਆਧਾਮ, ਸਨਾਤਨ ਧਰਮ ਅਤੇ ਸਿੱਖ ਧਰਮ ਦੀ ਪਵਿੱਤਰ ਸੰਗਮ ਭੂਮੀ ਹੈ ਅਤੇ ਇਸ ਨੂੰ ਪ੍ਰਭੂ ਸ੍ਰੀ ਰਾਮ ਅਤੇ ਤਿੰਨ ਸਿੱਖ ਗੁਰੂ ਸਾਹਿਬਾਨਾਂ ਦਾ ਆਸ਼ੀਰਵਾਦ ਪ੍ਰਾਪਤ ਹੈ।
ਪੁਰੀ ਮੁਤਾਬਕ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1510-11 'ਚ ਅਯੁੱਧਿਆ ਆਏ, ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ 1668 'ਚ ਅਯੁੱਧਿਆ ਆਏ ਅਤੇ ਗੁਰੂ ਗੋਬਿੰਦ ਸਿੰਘ ਜੀ 1672 'ਚ ਅਯੁੱਧਿਆ ਆਏ। ਉਨ੍ਹਾਂ ਕਿਹਾ ਕਿ ਮੈਨੂੰ ਅਯੁੱਧਿਆਧਾਮ ਦੇ ਬ੍ਰਹਮਕੁੰਡ 'ਚ ਸਰਯੂ ਨਦੀ ਦੇ ਕੰਢੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਅਤੇ ਆਸ਼ੀਰਵਾਦ ਲੈਣ ਦਾ ਸੌਭਾਗ ਪ੍ਰਾਪਤ ਹੋਇਆ। ਪੁਰੀ ਨੇ ਕਿਹਾ ਕਿ ਪਵਿੱਤਰ ਧਾਮ ਵਿਚ ਸਥਿਤ ਗੁਰਦੁਆਰਾ ਆਸਥਾ ਦਾ ਸੰਗਮ ਹੈ, ਮੱਧਕਾਲੀ ਸਮੇਂ ਤੋਂ ਸਿੱਖ ਧਰਮ ਅਤੇ ਹਿੰਦੂ ਧਰਮ ਦੇ ਮਜ਼ਬੂਤ ਸਬੰਧਾਂ ਦਾ ਪ੍ਰਤੀਬਿੰਬ ਹੈ ਅਤੇ ਕਿਵੇਂ ਦੋਵੇਂ ਧਰਮ ਹਮਲਾਵਰਾਂ ਨਾਲ ਲੜਨ ਲਈ ਇਕ-ਦੂਜੇ ਦੇ ਨਾਲ ਖੜ੍ਹੇ ਸਨ।
ਪੁਰੀ ਨੇ ਕਿਹਾ ਕਿ 1697 'ਚ ਜਦੋਂ ਔਰੰਗਜ਼ੇਬ ਦੀ ਅਗਵਾਈ 'ਚ ਹਮਲਾਵਰ ਮੁਗ਼ਲ ਫ਼ੌਜ ਨੇ ਅਯੁੱਧਿਆ 'ਚ ਰਾਮ ਮੰਦਰ 'ਤੇ ਹਮਲਾ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ 400 ਨਿਹੰਗ ਸਿੱਖਾਂ ਦੀ ਇਕ ਬਟਾਲੀਅਨ ਨੂੰ ਅਘੋਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਭਿਆਨਕ ਲੜਾਈ ਲਈ ਭੇਜਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ‘ਉਦਾਸੀ’ ਬਹੁਤ ਮਹੱਤਵ ਰੱਖਦੀ ਸੀ ਅਤੇ ਇਹ ਰਾਮ ਜਨਮ ਭੂਮੀ ਮੰਦਰ ਦੀ ਉਸਾਰੀ ਲਈ ਚੱਲੀ ਲੰਬੀ ਕਾਨੂੰਨੀ ਲੜਾਈ ਦੌਰਾਨ ਵੀ ਦਿਖਾਈ ਦਿੱਤੀ ਜਦੋਂ ਇਕ ਜੱਜ ਨੇ ਕਿਹਾ ਕਿ 1510-11 ਈ. ਵਿਚ ਭਗਵਾਨ ਰਾਮ ਦੇ ਜਨਮ ਅਸਥਾਨ ਦੇ ਦਰਸ਼ਨਾਂ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਹਿੰਦੂਆਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਦੀ ਹੈ। ਇਕ ਹੋਰ ਪੋਸਟ ਵਿਚ ਪੁਰੀ ਨੇ ਕਿਹਾ ਕਿ ਮੈਨੂੰ ਉਸ ਖੂਹ ਦੇ ਪਵਿੱਤਰ ਪਾਣੀ ਨੂੰ ਮਹਿਸੂਸ ਕਰਨ ਦਾ ਸੌਭਾਗ ਮਿਲਿਆ, ਜਿੱਥੋਂ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਇਸ਼ਨਾਨ ਲਈ ਪਾਣੀ ਲਿਆ ਗਿਆ ਸੀ।
ਗੁਰੂ ਮਹਾਰਾਜ ਨੇ ਵੀ ਸ਼ਰਧਾਲੂਆਂ ਨੂੰ ਅਸ਼ੀਰਵਾਦ ਦੇਣ ਲਈ ਇਹ ਪਵਿੱਤਰ ਜਲ ਛਿੜਕਿਆ ਸੀ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਇਕ ਗੁੰਬਦ ਵਾਲਾ ਕਮਰਾ ਹੈ, ਜਿਸ ਦੀ ਸ਼ਕਲ ਅਸ਼ਟਭੁਜ ਹੈ ਅਤੇ ਇਸ ਦਾ ਸੰਗਮਰਮਰ ਦਾ ਫਰਸ਼ ਹੈ। ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਤਖਤ ਅਸਥਾਨ ਕਿਹਾ ਜਾਂਦਾ ਹੈ। ਪੁਰੀ ਨੇ ਦੱਸਿਆ ਕਿ 1838 ਬਿਕਰਮੀ (1781 ਈ.) ਵਿਚ ਰਚਿਤ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਕਾਪੀ ਅਤੇ ਹੋਰ ਪਵਿੱਤਰ ਗ੍ਰੰਥ ਵੀ ਇਥੇ ਮੌਜੂਦ ਹਨ।