ਰਾਮ ਮੰਦਰ ਦੇ ਭੂਮੀ ਪੂਜਨ ਪ੍ਰੋਗਰਾਮ ''ਚ ਦਲਿਤ ਸੰਤ ਨੂੰ ਸੱਦਾ ਨਹੀਂ ਦੇਣਾ ਨਿਰਾਸ਼ਾਜਨਕ : ਮਾਇਆਵਤੀ

Friday, Jul 31, 2020 - 03:35 PM (IST)

ਰਾਮ ਮੰਦਰ ਦੇ ਭੂਮੀ ਪੂਜਨ ਪ੍ਰੋਗਰਾਮ ''ਚ ਦਲਿਤ ਸੰਤ ਨੂੰ ਸੱਦਾ ਨਹੀਂ ਦੇਣਾ ਨਿਰਾਸ਼ਾਜਨਕ : ਮਾਇਆਵਤੀ

ਲਖਨਊ- ਅਯੁੱਧਿਆ 'ਚ ਸ਼ਾਨਦਾਰ ਰਾਮ ਮੰਦਰ ਨਿਰਮਾਣ ਲਈ 5 ਅਗਸਤ ਨੂੰ ਹੋਣ ਵਾਲੇ ਭੂਮੀ ਪੂਜਨ ਪ੍ਰੋਗਰਾਮ 'ਚ ਦਲਿਤ ਸੰਤ ਨੂੰ ਸੱਦਾ ਨਹੀਂ ਦੇਣ 'ਤੇ ਮਾਇਆਵਤੀ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ। ਬਸਪਾ ਸੁਪਰੀਮੋ ਮਾਇਆਵਤੀ ਨੇ ਸਲਾਹ ਦਿੱਤੀ ਹੈ ਕਿ ਅਣਦੇਖੀ ਨਾਲ ਪੀੜਤ ਦਲਿਤ ਸਮਾਜ ਨੂੰ ਧਰਮ ਕਰਮ ਦੇ ਚੱਕਰ 'ਚ ਪੈਣ ਦੀ ਬਜਾਏ ਕਿਰਤ ਕਰਮ 'ਤੇ ਧਿਆਨ ਦੇਣਾ ਚਾਹੀਦਾ। ਮਾਇਆਵਤੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ,''ਮਹਾਮੰਡਲੇਸ਼ਵਰ ਸਵਾਮੀ ਪ੍ਰਭੂਨੰਦਨ ਗਿਰੀ ਦੀ ਸ਼ਿਕਾਇਤ ਦੇ ਮੱਦੇਨਜ਼ਰ ਜੇਕਰ ਅਯੁੱਧਿਆ 'ਚ 5 ਅਗਸਤ ਨੂੰ ਹੋਣ ਵਾਲੇ ਭੂਮੀ ਪੂਜਨ ਸਮਾਰੋਹ 'ਚ ਹੋਰ 200 ਸਾਧੂ-ਸੰਤਾਂ ਨਾਲ ਇਨ੍ਹਾਂ ਨੂੰ ਵੀ ਬੁਲਾ ਲਿਆ ਹੁੰਦਾ ਤਾਂ ਇਹ ਬਿਹਤਰ ਹੁੰਦਾ। ਇਸ ਨਾਲ ਦੇਸ਼ 'ਚ ਜਾਤੀਹੀਣ ਸਮਾਜ ਬਣਾਉਣ ਦੀ ਸੰਵਿਧਾਨਕ ਮੰਸ਼ਾ 'ਤੇ ਕੁਝ ਅਸਰ ਪੈ ਸਕਦਾ ਸੀ।'' ਉਨ੍ਹਾਂ ਨੇ ਕਿਹਾ,''ਵੈਸੇ ਜਾਤੀਵਾਦੀ ਅਣਦੇਖੀ ਅਤੇ ਅਨਿਆਂ ਨਾਲ ਪੀੜਤ ਦਲਿਤ ਸਮਾਜ ਨੂੰ ਇਨ੍ਹਾਂ ਚੱਕਰਾਂ 'ਚ ਪੈਣ ਦੀ ਬਜਾਏ ਆਪਣੇ ਉਦਾਰ ਲਈ ਕਿਰਤ ਕਰਮ 'ਚ ਹੀ ਜ਼ਿਆਦਾ ਧਿਆਨ ਦੇਣਾ ਚਾਹੀਦਾ। ਇਸ ਮਾਮਲੇ 'ਚ ਵੀ ਆਪਣੇ ਮਸੀਹਾ ਬਾਬਾ ਸਾਹਿਬ ਡਾ. ਭੀਮਰਾਵ ਅੰਬੇਡਕਰ ਦੇ ਦੱਸੇ ਰਸਤੇ 'ਤੇ ਚੱਲਣਾ ਚਾਹੀਦਾ, ਇਹੀ ਬਸਪਾ ਦੀ ਇਨ੍ਹਾਂ ਨੂੰ ਸਲਾਹ ਹੈ।

ਦੱਸਣਯੋਗ ਹੈ ਕਿ ਮਹਾਮੰਡਲੇਸ਼ਵਰ ਸਵਾਮੀ ਕਨ੍ਹਈਆ ਪ੍ਰਭੂ ਨੰਦਨ ਗਿਰੀ ਨੇ ਭੂਮੀ ਪੂਜਨ ਪ੍ਰੋਗਰਾਮ ਦੇ ਮਹਿਮਾਨਾਂ ਦੀ ਸੂਚੀ 'ਚ ਆਪਣਾ ਨਾਂ ਨਹੀਂ ਹੋਣ ਨਾਲ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਦਲਿਤਾਂ ਦੀ ਅਣਦੇਖੀ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮੰਦਰ ਨਿਰਮਾਣ ਲਈ ਗਠਿਤ ਟਰੱਸਟ 'ਚ ਕਿਸੇ ਦਲਿਤ ਨੂੰ ਜਗ੍ਹਾ ਨਹੀਂ ਦਿੱਤੀ ਗਈ ਅਤੇ ਉਸ ਤੋਂ ਬਾਅਦ ਹੁਣ ਭੂਮੀ ਪੂਜਨ ਸਮਾਰੋਹ 'ਚ ਵੀ ਇਸ ਭਾਈਚਾਰੇ ਦੀ ਅਣਦੇਖੀ ਕੀਤੀ ਜਾ ਰਹੀ ਹੈ। ਸੰਤ ਕਨ੍ਹਈਆ ਪ੍ਰਭੂ ਨੰਦਨ ਗਿਰੀ 13 ਅਖਾੜਿਆਂ ਦੇ ਇਕਲੌਤੇ ਦਲਿਤ ਮਹਾਮੰਡਲੇਸ਼ਵਰ ਹਨ। ਇਸ ਸੰਬੰਧ 'ਚ ਸਾਧੂ-ਸੰਤਾਂ ਦੀ ਸਭ ਤੋਂ ਵੱਡੀ ਸੰਸਥਾ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰੇਂਦਰ ਗਿਰੀ ਨੇ ਕਿਹਾ ਕਿ ਸੰਨਿਆਸੀ ਜੀਵਨ 'ਚ ਆਉਣ ਤੋਂ ਬਾਅਦ ਸੰਤ ਦੀ ਕੋਈ ਜਾਤੀ ਨਹੀਂ ਰਹਿ ਜਾਂਦੀ, ਇਸ ਲਈ ਕਨ੍ਹਈਆ ਦਾ ਖੁਦ ਨੂੰ ਦਲਿਤ ਦੱਸਿਆ ਜਾਣਾ ਗਲਤ ਹੈ।


author

DIsha

Content Editor

Related News