ਔਰੰਗਜ਼ੇਬ ਦੀ ਕਬਰ ਹਟਾਉਣ ਦੀ ਮੰਗ ਨੂੰ ਲੈ ਕੇ ਭੜਕੀ ਹਿੰਸਾ, ਲੋਕਾਂ ਨੇ ਦੱਸੀ ਹੱਡਬੀਤੀ

Wednesday, Mar 19, 2025 - 11:57 AM (IST)

ਔਰੰਗਜ਼ੇਬ ਦੀ ਕਬਰ ਹਟਾਉਣ ਦੀ ਮੰਗ ਨੂੰ ਲੈ ਕੇ ਭੜਕੀ ਹਿੰਸਾ, ਲੋਕਾਂ ਨੇ ਦੱਸੀ ਹੱਡਬੀਤੀ

ਨੈਸ਼ਨਲ ਡੈਸਕ- ਔਰੰਗਜ਼ੇਬ ਦੇ ਮਕਬਰੇ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਇਕ ਦੱਖਣਪੰਥੀ ਸੰਗਠਨ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਧਾਰਮਿਕ ਗ੍ਰੰਥਾਂ ਨੂੰ ਸਾੜਨ ਦੀ ਅਫਵਾਹ ਤੋਂ ਬਾਅਦ ਨਾਗਪੁਰ 'ਚ ਹਿੰਸਾ ਭੜਕ ਗਈ। ਇਸ ਤੋਂ ਬਾਅਦ ਕਈ ਘਰਾਂ, ਵਾਹਨਾਂ ਅਤੇ ਇਕ ਕਲੀਨਿਕ ਦੀ ਭੰਨ-ਤੋੜ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੁਲਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਸ਼ਹਿਰ ਦੇ ਕਈ ਇਲਾਕਿਆਂ 'ਚ ਕਰਫਿਊ ਦੇ ਹੁਕਮ ਲਾਗੂ ਕਰ ਦਿੱਤੇ ਹਨ।

ਅਧਿਕਾਰੀਆਂ ਮੁਤਾਬਕ ਸੋਮਵਾਰ ਸ਼ਾਮ ਕਰੀਬ 7.30 ਵਜੇ ਚਿਟਨਿਸ ਪਾਰਕ ਇਲਾਕੇ 'ਚ ਅਫਵਾਹ ਫੈਲਣ ਤੋਂ ਬਾਅਦ ਹਿੰਸਾ ਸ਼ੁਰੂ ਹੋਈ। ਇਸ ਦੌਰਾਨ ਹਿੰਸਕ ਭੀੜ ਨੇ ਪੁਲਸ 'ਤੇ ਪਥਰਾਅ ਕੀਤਾ, ਜਿਸ ਕਾਰਨ 6 ਨਾਗਰਿਕ ਅਤੇ 3 ਪੁਲਸ ਕਰਮੀ ਜ਼ਖਮੀ ਹੋ ਗਏ। ਰਾਤ ਨੂੰ ਹੰਸਪੁਰੀ ਇਲਾਕੇ 'ਚ ਭੀੜ ਨੇ ਵਾਹਨਾਂ ਨੂੰ ਅੱਗ ਲਾ ਦਿੱਤੀ ਅਤੇ ਘਰਾਂ 'ਚ ਭੰਨ-ਤੋੜ ਕੀਤੀ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਭੀੜ ਨੇ ਘਰਾਂ 'ਤੇ ਪੱਥਰ ਸੁੱਟੇ ਅਤੇ ਵਾਹਨਾਂ ਨੂੰ ਸਾੜ ਦਿੱਤਾ। ਇਸ ਦੌਰਾਨ ਇਕ ਕਲੀਨਿਕ ਵੀ ਨਿਸ਼ਾਨੇ 'ਤੇ ਆਇਆ, ਜਿੱਥੇ ਇਸ ਦੀ ਭੰਨ-ਤੋੜ ਕੀਤੀ ਗਈ ਅਤੇ ਦਵਾਈਆਂ ਸੁੱਟੀਆਂ ਗਈਆਂ।

ਚਿਟਨਿਸ ਪਾਰਕ ਅਤੇ ਸ਼ੁਕਰੀ ਤਾਲਾਬ ਮਾਰਗ ਦੇ ਖੇਤਰ 'ਚ ਹਿੰਸਾ ਸਭ ਤੋਂ ਵੱਧ ਦੇਖਣ ਨੂੰ ਮਿਲੀ। ਇੱਥੇ ਕੁਝ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ ਅਤੇ ਪਥਰਾਅ ਵੀ ਕੀਤਾ ਗਿਆ। ਮਾਹਲ ਇਲਾਕੇ ਦੇ ਵਸਨੀਕ ਵੀ ਇਸ ਹਿੰਸਾ ਤੋਂ ਪ੍ਰਭਾਵਿਤ ਹੋਏ। ਕੁਝ ਲੋਕਾਂ ਨੇ ਦੱਸਿਆ ਕਿ ਭੀੜ ਨੇ ਉਨ੍ਹਾਂ ਦੇ ਘਰਾਂ 'ਤੇ ਪੱਥਰ ਸੁੱਟੇ ਅਤੇ ਕਾਰਾਂ ਨੂੰ ਅੱਗ ਲਗਾ ਦਿੱਤੀ। ਹੰਸਪੁਰੀ ਇਲਾਕੇ ਦੇ ਵਸਨੀਕ ਸ਼ਰਦ ਗੁਪਤਾ ਨੇ ਦੱਸਿਆ ਕਿ ਰਾਤ ਸਮੇਂ ਉਨ੍ਹਾਂ ਦੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਉਨ੍ਹਾਂ ਦੀ ਦੁਕਾਨ ਦੀ ਭੰਨ-ਤੋੜ ਕੀਤੀ ਗਈ। ਸਥਾਨਕ ਲੋਕਾਂ ਨੇ ਹਿੰਸਾ 'ਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਹੁਣ ਤੱਕ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਸ਼ਹਿਰ 'ਚ ਸ਼ਾਂਤੀ ਬਣਾਈ ਰੱਖਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਥਿਤੀ ਨੂੰ ਸ਼ਾਂਤ ਕਰਨ ਲਈ ਸ਼ਾਂਤੀ ਅਤੇ ਸਦਭਾਵਨਾ ਦੀ ਅਪੀਲ ਕੀਤੀ ਹੈ।


author

Tanu

Content Editor

Related News