ਬੰਗਾਲ 'ਚ ਰਾਮ ਨੌਵੀ ਯਾਤਰਾ 'ਤੇ ਹਮਲਾ, ਬੀਜੇਪੀ ਨੇ ਮਮਤਾ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ

Monday, Apr 07, 2025 - 06:28 AM (IST)

ਬੰਗਾਲ 'ਚ ਰਾਮ ਨੌਵੀ ਯਾਤਰਾ 'ਤੇ ਹਮਲਾ, ਬੀਜੇਪੀ ਨੇ ਮਮਤਾ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ

ਕੋਲਕਾਤਾ-ਪੱਛਮੀ ਬੰਗਾਲ ਦੀ ਰਾਜਧਾਨੀ 'ਚ ਐਤਵਾਰ ਨੂੰ ਰਾਮ ਨੌਮੀ ਦੇ ਜਲੂਸ ਦੌਰਾਨ ਹਮਲਾ ਹੋਇਆ। ਅਚਾਨਕ ਕੁਝ ਲੋਕਾਂ ਨੇ ਰਾਮ ਨੌਮੀ ਦੇ ਮੌਕੇ 'ਤੇ ਕੱਢੇ ਗਏ ਜਲੂਸ ;ਚ ਹਿੱਸਾ ਲੈ ਰਹੀ ਇੱਕ ਕਾਰ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ। ਭਾਜਪਾ ਨੇ ਇਸ ਘਟਨਾ ਲਈ ਸੱਤਾਧਾਰੀ ਮਮਤਾ ਬੈਨਰਜੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਬੰਗਾਲ ਭਾਜਪਾ ਨੇ ਵੀ ਆਪਣੇ ਅਧਿਕਾਰਤ 'ਐਕਸ' ਅਕਾਊਂਟ 'ਤੇ ਭੰਨਤੋੜ ਦੀ ਵੀਡੀਓ ਸਾਂਝੀ ਕੀਤੀ ਹੈ।
ਭਾਜਪਾ ਨੇ ਲਿਖਿਆ, "ਮਮਤਾ ਬੈਨਰਜੀ ਦੀ ਸਾਲਾਂ ਪੁਰਾਣੀ ਇੱਛਾ ਪੂਰੀ ਹੁੰਦੀ ਜਾ ਰਹੀ ਹੈ। ਕੋਲਕਾਤਾ ਦੇ ਪਾਰਕ ਸਰਕਸ ਸੈਵਨ ਪੁਆਇੰਟ ਇਲਾਕੇ ਵਿੱਚ ਇੱਕ ਧਾਰਮਿਕ ਜਲੂਸ ਦੌਰਾਨ ਰਾਮ ਨੌਮੀ ਦੇ ਸ਼ਰਧਾਲੂਆਂ ਦੇ ਵਾਹਨਾਂ 'ਤੇ ਹਮਲਾ ਕੀਤਾ ਗਿਆ ਅਤੇ ਭੰਨਤੋੜ ਕੀਤੀ ਗਈ। ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਪਿਛਲੇ ਸ਼ੁੱਕਰਵਾਰ ਨੂੰ, ਉਸੇ ਜਗ੍ਹਾ 'ਤੇ, ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਵਕਫ਼ ਬਿੱਲ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ, ਜਿਸ ਨਾਲ ਸ਼ਹਿਰ ਠੱਪ ਹੋ ਗਿਆ ਸੀ।"

 

 

ਪਾਰਟੀ ਨੇ ਅੱਗੇ ਕਿਹਾ, "ਉਨ੍ਹਾਂ ਨੇ ਸੜਕਾਂ 'ਤੇ ਟਾਇਰ ਸਾੜੇ ਅਤੇ ਆਮ ਜਨਜੀਵਨ ਵਿੱਚ ਵਿਘਨ ਪਾਇਆ - ਇੱਕ ਵਾਰ ਫਿਰ, ਕਾਨੂੰਨ ਲਾਗੂ ਕਰਨ ਵਾਲਿਆਂ ਦੇ ਕਿਸੇ ਦਖਲ ਤੋਂ ਬਿਨਾਂ  ਅੱਜ ਇੱਕ ਵਾਰ ਫਿਰ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਇੱਕ ਵਾਰ ਫਿਰ ਪੁਲਸ ਨੇ ਚੁੱਪੀ ਧਾਰੀ ਹੋਈ ਹੈ।"
ਹਾਲਾਂਕਿ, ਕੋਲਕਾਤਾ ਪੁਲਸ ਨੇ 'ਐਕਸ' 'ਤੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਗਈ। ਪੁਲਸ ਨੇ ਲਿਖਿਆ, "ਪਾਰਕ ਸਰਕਸ ਵਿਖੇ ਇੱਕ ਕਥਿਤ ਘਟਨਾ ਦੇ ਸੰਦਰਭ ਵਿੱਚ, ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕਿਸੇ ਵੀ ਜਲੂਸ ਲਈ ਕੋਈ ਇਜਾਜ਼ਤ ਨਹੀਂ ਲਈ ਗਈ ਸੀ, ਅਤੇ ਨਾ ਹੀ ਇਲਾਕੇ ਵਿੱਚ ਅਜਿਹੀ ਕੋਈ ਆਵਾਜਾਈ ਸੀ। ਕਿਸੇ ਵਾਹਨ ਦੇ ਨੁਕਸਾਨੇ ਜਾਣ ਦੀ ਸੂਚਨਾ ਮਿਲਣ 'ਤੇ, ਪੁਲਸ ਨੇ ਤੁਰੰਤ ਦਖਲ ਦਿੱਤਾ ਅਤੇ ਵਿਵਸਥਾ ਬਹਾਲ ਕੀਤੀ। ਇੱਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਅਫਵਾਹ 'ਤੇ ਧਿਆਨ ਨਾ ਦੇਣ।"

ਰਾਮ ਨੌਮੀ 'ਤੇ ਪੱਛਮੀ ਬੰਗਾਲ ਵਿੱਚ ਸਖ਼ਤ ਸੁਰੱਖਿਆ
ਪੱਛਮੀ ਬੰਗਾਲ ਵਿੱਚ ਰਾਮ ਨੌਮੀ ਦੇ ਮੌਕੇ 'ਤੇ, ਐਤਵਾਰ ਨੂੰ ਰਾਜ ਭਰ ਵਿੱਚ ਕਈ ਜਲੂਸ ਕੱਢੇ ਗਏ ਅਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ। ਅਸ਼ਾਂਤੀ ਦੀ ਸੰਭਾਵਨਾ ਦੇ ਮੱਦੇਨਜ਼ਰ ਸੁਰੱਖਿਆ ਉਪਾਅ ਸਖ਼ਤ ਕਰ ਦਿੱਤੇ ਗਏ ਹਨ। ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੋਵਾਂ ਦੇ ਆਗੂਆਂ ਨੇ ਜਸ਼ਨ ਵਿੱਚ ਹਿੱਸਾ ਲਿਆ। ਪੱਛਮੀ ਬੰਗਾਲ ਵਿੱਚ ਰਾਮ ਨੌਮੀ ਦੇ ਮੌਕੇ 'ਤੇ ਲਗਭਗ 2,500 ਜਲੂਸ ਕੱਢੇ ਗਏ ਅਤੇ ਇਸ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 6,000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ।


author

DILSHER

Content Editor

Related News