ਫੜੀ ਗਈ 1,150 ਕਰੋੜ ਦੀ ਕੋਕੀਨ ! 3 ਵਿਦੇਸ਼ੀ ਮੁਲਜ਼ਮ ਵੀ ਗ੍ਰਿਫ਼ਤਾਰ
Thursday, May 28, 2026 - 09:25 AM (IST)
ਨੈਸ਼ਨਲ ਡੈਸਕ- ਇੰਡੀਅਨ ਕੋਸਟ ਗਾਰਡ (ਆਈ.ਸੀ.ਜੀ.) ਅਤੇ ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਇਕ ਸਾਂਝੇ ਆਪਰੇਸ਼ਨ ਦੌਰਾਨ ਗੁਜਰਾਤ ਦੇ ਮੁੰਦਰਾ ਤਟ ਨੇੜੇ 1,150 ਕਰੋੜ ਰੁਪਏ ਦੀ ਕੀਮਤ ਦੀ 115 ਕਿੱਲੋ ਕੋਕੀਨ ਜ਼ਬਤ ਕੀਤੀ ਹੈ। ਇਸ ਮਾਮਲੇ ਵਿਚ ਹੁਣ ਤੱਕ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਤਿੰਨੋਂ ਮੁਲਜ਼ਮ ਵਿਦੇਸ਼ੀ ਨਾਗਰਿਕ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰਤ ਬਿਆਨ ਅਨੁਸਾਰ, ਇਹ ਮੁਹਿੰਮ 25 ਅਤੇ 26 ਮਈ ਦੀ ਵਿਚਕਾਰਲੀ ਰਾਤ ਨੂੰ ਚਲਾਈ ਗਈ ਸੀ।
ਆਈ.ਸੀ.ਜੀ. ਦੀਆਂ ਇੰਟਰਸੈਪਟਰ ਕਿਸ਼ਤੀਆਂ ਵਿਚ ਸਵਾਰ ਏ.ਟੀ.ਐੱਸ. ਕਰਮਚਾਰੀਆਂ ਨੇ ਮੁੰਦਰਾ ਐਂਕਰੇਜ ਖੇਤਰ ਵਿਚ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜਿੱਥੇ ‘ਐੱਮ.ਵੀ. ਯੂਰਪ’ ਨਾਮੀ ਇਕ ਕੰਟੇਨਰ ਜਹਾਜ਼ ’ਤੇ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ। ਇਹ ਜਹਾਜ਼ ਮੁੰਦਰਾ ਤਟ ਤੋਂ ਲੱਗਭਗ 5 ਸਮੁੰਦਰੀ ਮੀਲ ਦੂਰ ਲੰਗਰ ਸੁੱਟ ਕੇ ਖੜ੍ਹਾ ਸੀ। ਹਨੇਰੇ ਵਿਚ ਜਹਾਜ਼ ਤੋਂ ਕੁਝ ਬੈਗ ਸਮੁੰਦਰ ਵਿਚ ਸੁੱਟਦੇ ਹੋਏ ਦੇਖਿਆ ਗਿਆ। ਇਸ ਤੋਂ ਬਾਅਦ ਆਈ.ਸੀ.ਜੀ. ਅਤੇ ਏ.ਟੀ.ਐੱਸ. ਦੇ ਜਵਾਨ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਘੱਟ ਵਿਜ਼ੀਬਿਲਟੀ ਦੇ ਬਾਵਜੂਦ ਸਮੁੰਦਰ ਵਿਚੋਂ 5 ਬੈਗ ਬਰਾਮਦ ਕੀਤੇ।
ਇਹ ਵੀ ਪੜ੍ਹੋ- ਦਿੱਲੀ ਤੋਂ ਅਮਰੀਕਾ ਜਾਂਦੀ ਫਲਾਈਟ 'ਚ ਪੈ ਗਿਆ ਨੁਕਸ ! 8 ਘੰਟੇ ਹਵਾ 'ਚ ਰਹਿਣ ਮਗਰੋਂ...
ਜਾਂਚ ਦੌਰਾਨ ਬੈਗਾਂ 'ਚੋਂ ਲਗਭਗ ਇਕ-ਇਕ ਕਿੱਲੋ ਵਜ਼ਨ ਵਾਲੇ ਚਿੱਟੇ ਪਾਊਡਰ ਵਰਗੇ ਪਦਾਰਥ ਦੇ 115 ਪੈਕੇਟ ਮਿਲੇ। ਮੁਢਲੀ ਜਾਂਚ ਵਿਚ ਇਸ ਪਦਾਰਥ ਦੇ ਕੋਕੀਨ ਹੋਣ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਗਲੇਰੀ ਜਾਂਚ ਲਈ ਜਹਾਜ਼ ਨੂੰ ਬੰਦਰਗਾਹ ’ਤੇ ਲਿਆਂਦਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
