ਆਸਾਮ ’ਚ ਹਿੰਸਾ ਤੋਂ ਬਾਅਦ ਜੰਗਲਾਤ ਵਿਭਾਗ ਦੇ ਦਫ਼ਤਰ ’ਚ ਭੰਨ-ਤੋੜ, ਸਾੜ-ਫੂਕ
Thursday, Nov 24, 2022 - 02:00 PM (IST)
ਗੁਹਾਟੀ (ਭਾਸ਼ਾ)– ਆਸਾਮ ਦੇ ਪੱਛਮੀ ਕਾਰਬੀ ਆਂਗਲੌਂਗ ਜ਼ਿਲੇ ਵਿੱਚ ਮੇਘਾਲਿਆ ਦੇ ਪਿੰਡ ਵਾਸੀਆਂ ਦੇ ਇਕ ਗਰੁੱਪ ਨੇ ਜੰਗਲਾਤ ਵਿਭਾਗ ਦੇ ਦਫ਼ਤਰ ਵਿੱਚ ਭੰਨਤੋੜ ਕੀਤੀ ਅਤੇ ਅੱਗ ਲਾ ਦਿੱਤੀ। ਅਧਿਕਾਰੀਆਂ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਪੁਲਸ ਵਲੋਂ ਮੰਗਲਵਾਰ ਤੜਕੇ ਲੱਕੜ ਲੈ ਕੇ ਜਾ ਰਹੇ ਇੱਕ ਟਰੱਕ ਨੂੰ ਰੋਕਣ ਤੋਂ ਬਾਅਦ ਭੜਕੀ ਹਿੰਸਾ ਵਿੱਚ 6 ਵਿਅਕਤੀਆਂ ਦੇ ਮਾਰੇ ਜਾਣ ਤੋਂ ਬਾਅਦ ਇਹ ਘਟਨਾ ਵਾਪਰੀ ਹੈ।
ਮੇਘਾਲਿਆ ਦੇ ਪੱਛਮੀ ਜੈਂਤੀਆ ਹਿੱਲਜ਼ ਜ਼ਿਲ੍ਹੇ ਦੇ ਮੁਕਰੋਹ ਪਿੰਡ ਦੇ ਵਸਨੀਕ ਕੁਹਾੜੀਆਂ ਅਤੇ ਡੰਡੇ ਲੈ ਕੇ ਅੰਤਰਰਾਜੀ ਹੱਦ ’ਤੇ ਅਾਸਾਮ ਦੇ ਖੇਰੋਨੀ ਜੰਗਲਾਤ ਰੇਂਜ ਦੇ ਅਧੀਨ ਇੱਕ ਬੀਟ ਦਫ਼ਤਰ ਦੇ ਸਾਹਮਣੇ ਇਕੱਠੇ ਹੋਏ ਅਤੇ ਉਸ ਨੂੰ ਅੱਗ ਲਾ ਦਿੱਤੀ।
ਭੀੜ ਨੇ ਜੰਗਲਾਤ ਦਫ਼ਤਰ ਦੀ ਭੰਨ-ਤੋੜ ਕੀਤੀ ਅਤੇ ਇਮਾਰਤ ਵਿੱਚ ਖੜ੍ਹੀਆਂ ਲੱਕੜ ਦੀਆਂ ਵਸਤਾਂ, ਉੱਥੇ ਰੱਖੇ ਦਸਤਾਵੇਜ਼ਾਂ ਅਤੇ ਕਈ ਮੋਟਰਸਾਈਕਲਾਂ ਨੂੰ ਸਾੜ ਦਿੱਤਾ। ਕਿਸੇ ਕਰਮਚਾਰੀ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਪੁਲਸ ਅਤੇ ਹੋਰ ਸੁਰੱਖਿਆ ਕਰਮੀਆਂ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਵਾਸੀ ਚਲੇ ਗਏ। ਮੇਘਾਲਿਅਾ ਸਰਕਾਰ ਦਾ ਇਕ ਵਫਦ 24 ਨਵੰਬਰ ਨੂੰ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਇਸ ਸੰਬੰਧੀ ਮੁਲਾਕਾਤ ਕਰੇਗਾ।