ਅਸਾਮ ਚੋਣਾਂ 2021: ਮਨਮੋਹਨ ਸਿੰਘ ਬੋਲੇ- ਇਸ ਵਾਰ ਸਮਝਦਾਰੀ ਨਾਲ ਵੋਟ ਪਾਓ

03/27/2021 11:31:55 AM

ਨਵੀਂ ਦਿੱਲੀ- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਸਾਮ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ 'ਚ ਸਰਬਪੱਖੀ ਵਿਕਾਸ ਲਈ ਕਾਂਗਰਸ ਦੀ ਅਗਵਾਈ ਵਾਲੇ ਮਹਾਗਠਜੋੜ ਦੇ ਪੱਖ 'ਚ ਵੋਟਾਂ ਪਾਉਣ। ਕਰੀਬ 3 ਦਹਾਕਿਆਂ ਤੱਕ ਰਾਜ ਸਭਾ 'ਚ ਅਸਾਮ ਦੀ ਨੁਮਾਇੰਦਗੀ ਕਰਨ ਵਾਲੇ ਮਨਮੋਹਨ ਸਿੰਘ ਨੇ ਇਹ ਵੀ ਕਿਹਾ ਕਿ ਅਸਾਮ ਦੀ ਜਨਤਾ ਨੂੰ ਇਕ ਅਜਿਹੀ ਸਰਕਾਰ ਨੂੰ ਚੁਣਨਾ ਚਾਹੀਦਾ ਹੈ, ਜੋ ਕਿ ਸੰਵਿਧਾਨ ਅਤੇ ਲੋਕਤੰਤਰੀ ਸਿਧਾਂਤਾਂ ਨੂੰ ਬਰਕਰਾਰ ਰੱਖਣ ਵਾਲੀ ਹੋਵੇ। ਤੁਹਾਡਾ ਅਤੇ ਤੁਹਾਡੇ ਬੱਚਿਆਂ ਦਾ ਭਵਿੱਖ ਤੁਹਾਡੇ ਹੱਥ 'ਚ ਹੈ। ਸੂਬੇ 'ਚ 126 ਮੈਂਬਰੀ ਵਿਧਾਨ ਸਭਾ ਲਈ 27 ਮਾਰਚ ਤੋਂ ਯਾਨੀ ਕਿ ਅੱਜ ਤੋਂ ਵੋਟਾਂ ਪੈ ਰਹੀਆਂ ਹਨ। 

ਮਨਮੋਹਨ ਸਿੰਘ ਨੇ ਅਸਾਮ 'ਚ ਪਹਿਲੇ ਪੜਾਅ ਦੀ ਵੋਟਿੰਗ ਲਈ ਪ੍ਰਚਾਰ ਮੁਹਿੰਮ ਦੇ ਆਖ਼ਰੀ ਦਿਨ ਇਕ ਵੀਡੀਓ ਸੰਦੇਸ਼ 'ਚ ਕਿਹਾ ਕਿ ਕਈ ਸਾਲਾਂ ਤੱਕ ਅਸਾਮ ਮੇਰਾ ਘਰ ਰਿਹਾ ਹੈ। ਇਹ ਮੇਰਾ ਸੌਭਾਗ ਰਿਹਾ ਹੈ ਕਿ ਮੈਂ ਰਾਜ ਸਭਾ 'ਚ ਅਸਾਮ ਦੀ 28 ਸਾਲਾਂ ਤੱਕ ਨੁਮਾਇੰਦਗੀ ਕੀਤੀ। ਮੈਂ ਅਸਾਮ ਦੇ ਲੋਕਾਂ ਦੇ ਪਿਆਰ ਅਤੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦੀ ਹਾਂ। ਉਨ੍ਹਾਂ ਨੇ ਕਿਹਾ ਕਿ ਅਸਾਮ ਦੇ ਲੋਕਾਂ ਨੇ ਮੈਨੂੰ 5 ਸਾਲ ਤੱਕ ਦੇਸ਼ ਦੇ ਵਿੱਤ ਮੰਤਰੀ ਅਤੇ 10 ਸਾਲ ਤੱਕ ਪ੍ਰਧਾਨ ਮੰਤਰੀ ਦੇ ਤੌਰ 'ਤੇ ਦੇਸ਼ ਦੀ ਸੇਵਾ ਦਾ ਮੌਕਾ ਦਿੱਤਾ। ਅੱਜ ਸਮਾਂ ਆ ਗਿਆ ਹੈ ਕਿ ਇਸ ਵਿਧਾਨ ਸਭਾ ਚੋਣਾਂ 'ਚ ਲੋਕ ਸਮਝਦਾਰੀ ਨਾਲ ਵੋਟਿੰਗ ਕਰਨ।

ਸਿੰਘ ਨੇ ਭਾਜਪਾ 'ਤੇ ਨਾਮ ਲਏ ਬਿਨਾਂ ਉਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਨੋਟਬੰਦੀ ਅਤੇ ਗਲਤ ਢੰਗ ਨਾਲ ਜੀ. ਐੱਸ. ਟੀ. ਲਾਗੂ ਕਰਨ ਨਾਲ ਅਰਥਵਿਵਸਥਾ ਕਮਜ਼ੋਰ ਹੋ ਗਈ ਹੈ। ਨੌਜਵਾਨ ਰੁਜ਼ਗਾਰ ਲਈ ਪਰੇਸ਼ਾਨ ਹਨ। ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਨਾਲ ਆਮ ਆਦਮੀ ਪਰੇਸ਼ਾਨ ਹੈ। ਗਰੀਬ ਹੋਰ ਗਰੀਬ ਹੋ ਰਹੇ ਹਨ। ਕੋਵਿਡ ਦੀ ਆਫ਼ਤ ਨੇ ਲੋਕਾਂ ਲਈ ਹੋਰ ਵੀ ਮੁਸ਼ਕਲ ਪੈਦਾ ਕਰ ਦਿੱਤੀ ਹੈ।


Tanu

Content Editor

Related News