ਆਸਾਮ ਸਰਕਾਰ ਦਾ ਵੱਡਾ ਫੈਸਲਾ, 5 ਮੁਸਲਿਮ ਭਾਈਚਾਰਿਆਂ ਨੂੰ ਦਿੱਤਾ ‘ਸਵਦੇਸ਼ੀ’ ਦਾ ਦਰਜਾ
Wednesday, Jul 06, 2022 - 02:44 PM (IST)
 
            
            ਗੁਹਾਟੀ– ਆਸਾਮ ਦੀ ਹਿਮੰਤਾ ਬਿਸਵਾ ਸਰਮਾ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਸੂਬੇ ਦੇ 5 ਅਸਮੀਆ ਭਾਸ਼ੀ ਮੁਸਲਿਮ ਭਾਈਚਾਰਿਆਂ ਨੂੰ ‘ਸਵਦੇਸ਼ੀ’ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ। ਇਸ ਕਦਮ ਤੋਂ ਬਾਅਦ ਇਨ੍ਹਾਂ ਭਾਈਚਾਰਿਆਂ ਦੀ ਪਛਾਣ ਬੰਗਾਲੀ ਭਾਸ਼ੀ ਮੁਸਲਮਾਨਾਂ ਤੋਂ ਵੱਖ ਹੋਵੇਗੀ। ਆਸਾਮ ਦੀ ਕੈਬਨਿਟ ਨੇ ਜਿਨ੍ਹਾਂ 5 ਭਾਈਚਾਰਿਆਂ ਨੂੰ ਸਵਦੇਸ਼ੀ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ ਉਨ੍ਹਾਂ ’ਚ ਗੋਰੀਆ, ਮੋਰੀਆ, ਦੇਸੀ, ਜੁਲਾ ਅਤੇ ਸੈਯਦ ਸ਼ਾਮਲ ਹਨ।
ਦਰਅਸਲ, ਇਨ੍ਹਾਂ 5 ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸਵਦੇਸ਼ੀ ਅਸਮੀਆ ਮੁਸਲਮਾਨਾਂ ਦੇ ਰੂਪ ’ਚ ਵਰਗੀਕਰਨ ਕੀਤਾ ਗਿਆ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਹਾਲ ਹੀ ’ਚ ਮੁੱਖ ਮੰਤਰੀ ਹੇਮੰਤਾ ਬਿਸਵਾ ਸਰਮਾ ਨੇ ਐਲਾਨ ਕੀਤਾ ਸੀ ਕਿ ਸੂਬਾ ਸਰਕਾਰ ਮੁਸਲਿਮ ਭਾਈਚਾਰਿਆਂ ’ਚ ਸਵਦੇਸ਼ੀ ਘੱਟ-ਗਿਣਤੀਆਂ ਦੇ ਵੱਖਰੇ ਵਰਗੀਕਰਨ ਲਈ ਕਦਮ ਚੁੱਕੇਗੀ। ਆਸਾਮ ਕੈਬਨਿਟ ਦੇ ਇਸ ਫੈਸਲੇ ਨਾਲ ਸੂਬੇ ਦੇ ਲਗਭਗ 40 ਲੱਖ ਅਸਮੀਆ ਭਾਸ਼ੀ ਮੁਸਲਮਾਨਾਂ ਨੂੰ ਮਾਣਤਾ ਮਿਲ ਜਾਵੇਗੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            