ਘਰ ਪੁੱਜਦੇ ਹੀ ਕੇਜਰੀਵਾਲ ਨੇ ਛੂਹੇ ਪਿਤਾ ਦੇ ਪੈਰ, ਮਾਂ ਨੇ ਆਰਤੀ ਉਤਾਰ ਕੇ ਕੀਤਾ ਸਵਾਗਤ (ਤਸਵੀਰਾਂ)
Friday, Sep 13, 2024 - 11:04 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਕੇਜਰੀਵਾਲ ਨੇ ਚਾਂਦਗੀਰਾਮ ਅਖਾੜਾ ਤੋਂ ਆਪਣੀ ਸਰਕਾਰੀ ਰਿਹਾਇਸ਼ ਤੱਕ ਰੋਡ ਸ਼ੋਅ ਕੀਤਾ। ਘਰ ਪਹੁੰਚਣ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਇਆ। ਮਾਂ ਨੇ ਬੇਟੇ ਅਰਵਿੰਦ ਕੇਜਰੀਵਾਲ ਦੀ ਆਰਤੀ ਉਤਰੀ। ਕੇਜਰੀਵਾਲ ਨੇ ਪਿਤਾ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ। ਭਗਵੰਤ ਮਾਨ ਅਤੇ ਮਨੀਸ਼ ਸਿਸੋਦੀਆ ਨੂੰ ਜੱਫੀ ਵੀ ਪਾਈ।
ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਹੈ ਕਿਉਂਕਿ ਕੁਝ 'ਰਾਸ਼ਟਰ ਵਿਰੋਧੀ ਤਾਕਤਾਂ' ਇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਘਰ ਪਹੁੰਚ ਕੇ ਮਾਂ ਨੇ ਬੇਟੇ ਅਰਵਿੰਦ ਕੇਜਰੀਵਾਲ ਦੀ ਆਰਤੀ ਉਤਾਰੀ। ਇਸ ਦੇ ਨਾਲ ਹੀ ਪਾਰਟੀ ਵਰਕਰਾਂ ਨੇ ਕੇਜਰੀਵਾਲ ਦਾ ਹੌਸਲਾ ਵਧਾਇਆ ਅਤੇ ‘ਜੇਲ੍ਹ ਦੇ ਤਾਲੇ ਟੁੱਟੇ, ਕੇਜਰੀਵਾਲ ਆਜ਼ਾਦ’ ਦੇ ਨਾਅਰੇ ਲਾਏ।
ਦਿੱਲੀ ਦੇ ਸੀ.ਐੱਮ. ਨੇ ਕਿਹਾ ਕਿ ਦੇਸ਼ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਹੈ, ਦੇਸ਼ ਮਹੱਤਵਪੂਰਨ ਹੈ, ਕੇਜਰੀਵਾਲ ਨਹੀਂ। ਕੁਝ ਦੇਸ਼ ਵਿਰੋਧੀ ਤਾਕਤਾਂ ਦੇਸ਼ ਨੂੰ ਕਮਜ਼ੋਰ ਕਰਨ ਅਤੇ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਚੋਣ ਕਮਿਸ਼ਨ ਨੂੰ ਕਮਜ਼ੋਰ ਕਰਨ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀਬੀਆਈ ਨੂੰ ਕੰਟਰੋਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸਾਨੂੰ ਇਨ੍ਹਾਂ ਦੇਸ਼ ਵਿਰੋਧੀ ਤਾਕਤਾਂ ਦਾ ਸਾਹਮਣਾ ਕਰਨਾ ਪਵੇਗਾ।
ਕੇਜਰੀਵਾਲ ਨੇ ਕਿਹਾ ਕਿ ਜੇਲ ਦੀਆਂ ਕੰਧਾਂ ਨੇ ਉਨ੍ਹਾਂ ਦਾ ਮਨੋਬਲ ਕਈ ਗੁਣਾ ਵਧਾ ਦਿੱਤਾ ਹੈ। ਉਨ੍ਹਾਂ ਦੇ ਜੀਵਨ ਦਾ ਹਰ ਪਲ ਅਤੇ ਉਨ੍ਹਾਂ ਦੇ ਸਰੀਰ ਵਿੱਚ ਖੂਨ ਦੀ ਹਰ ਬੂੰਦ ਦੇਸ਼ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਲਈ ਸਲਾਖਾਂ ਪਿੱਛੇ ਨਹੀਂ ਸੁੱਟਿਆ ਗਿਆ ਕਿਉਂਕਿ ਮੈਂ ਗਲਤ ਸੀ, ਸਗੋਂ ਇਸ ਲਈ ਕਿ ਮੈਂ ਦੇਸ਼ ਵਿਰੋਧੀ ਤਾਕਤਾਂ ਨਾਲ ਲੜਿਆ ਸੀ।
ਅਰਵਿੰਦ ਕੇਜਰੀਵਾਲ ਦੇ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਭਗਵੰਤ ਮਾਨ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਕੇਜਰੀਵਾਲ ਨੇ ਅੱਧੀ ਬਾਂਹ ਵਾਲੀ ਨੀਲੀ ਕਮੀਜ਼ ਪਹਿਨ ਕੇ ਪਾਰਟੀ ਵਰਕਰਾਂ ਨੂੰ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ।