ਕੇਜਰੀਵਾਲ ਸੁਰੱਖਿਅਤ ਸੀਟ ਦੀ ਤਲਾਸ਼ ’ਚ

Friday, Dec 13, 2024 - 11:43 AM (IST)

ਨਵੀਂ ਦਿੱਲੀ- ਹਰਿਆਣਾ ਅਤੇ ਮਹਾਰਾਸ਼ਟਰ ’ਚ ਵੱਡੀ ਜਿੱਤ ਤੋਂ ਬਾਅਦ ਦਿੱਲੀ ’ਚ ਭਾਜਪਾ ਦੇ ਫਿਰ ਤੋਂ ਉਭਰਣ ਨਾਲ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਬੇਹੱਦ ਚਿੰਤਾ ’ਚ ਨਜ਼ਰ ਆ ਰਹੀ ਹੈ। ‘ਆਪ’ 11 ਸਾਲਾਂ ਤੋਂ ਸੱਤਾ ’ਚ ਹੈ ਅਤੇ ਇਸ ਨੇ 2015 ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਕਰਾਰੀ ਹਾਰ ਦਿੱਤੀ ਸੀ ਪਰ ਹੁਣ ‘ਆਪ’ ਖੇਮੇ ’ਚ ਚਿੰਤਾ ਦੇ ਸੰਕੇਤ ਹਨ।

ਅਜਿਹੀਆਂ ਖਬਰਾਂ ਹਨ ਕਿ ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਆਪਣੀ ਰਵਾਇਤੀ ਨਵੀਂ ਦਿੱਲੀ ਸੀਟ ਤੋਂ ਹਟਣ ਦੀ ਯੋਜਨਾ ਬਣਾ ਰਹੇ ਹਨ। ਜਿਸ ਤਰ੍ਹਾਂ ਉਹ ਭਾਜਪਾ ਅਤੇ ਕਾਂਗਰਸ ਤੋਂ ਆਏ ਦਲ-ਬਦਲੂਆਂ ਨੂੰ ਸੀਟਾਂ ਦੇ ਰਹੇ ਹਨ, ਉਸ ਤੋਂ ਸੰਕੇਤ ਮਿਲਦਾ ਹੈ ਕਿ ਪਾਰਟੀ ’ਚ ਚੋਣਾਂ ਨੂੰ ਲੈ ਕੇ ਚਿੰਤਾ ਹੈ। ‘ਆਪ’ ਨੇ ਹੁਣ ਤੱਕ ਐਲਾਨੇ 31 ਉਮੀਦਵਾਰਾਂ ’ਚੋਂ 16 ਮੌਜੂਦਾ ਵਿਧਾਇਕਾਂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ 21 ਦਲ-ਬਦਲੂਆਂ ਨੂੰ ਨਵਾਜਿਆ ਹੈ।

ਧਿਆਨ ਯੋਗ ਹੈ ਕਿ ‘ਆਪ’ ਲੀਡਰਸ਼ਿਪ ਨੇ ਆਪਣੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਅਤੇ ਸਾਬਕਾ ਮੰਤਰੀ ਰਾਖੀ ਬਿਡਲਾਨ ਦੀ ਸੀਟ ਵੀ ਬਦਲ ਦਿੱਤੀ ਹੈ। 3 ਚੋਣਾਂ ਤੋਂ ਬਾਅਦ ਚੋਣ ਹਲਕਾ ਬਦਲਣ ਤੋਂ ਪਤਾ ਲੱਗਦਾ ਹੈ ਕਿ ਪਾਰਟੀ ਨੂੰ ਫੀਡਬੈਕ ਮਿਲ ਗਿਆ ਹੈ ਕਿ ਉਸ ਨੇ ਕੁਝ ਸਿਆਸੀ ਜ਼ਮੀਨ ਗੁਆ ਦਿੱਤੀ ਹੈ। ‘ਆਪ’ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਵੀ ਸੁਰੱਖਿਅਤ ਸੀਟ ਦੀ ਤਲਾਸ਼ ’ਚ ਹੈ ਅਤੇ 2 ਸੀਟਾਂ ਤੋਂ ਚੋਣ ਲੜ ਸਕਦੇ ਹਨ। ਆਖ਼ਿਰਕਾਰ 2013 ਤੋਂ ਲਗਾਤਾਰ 3 ਜਿੱਤਾਂ ਤੋਂ ਬਾਅਦ ਉਨ੍ਹਾਂ ਪ੍ਰਤੀ ਸੱਤਾ-ਵਿਰੋਧੀ ਲਹਿਰ ਵੀ ਹੋ ਸਕਦੀ ਹੈ।


Tanu

Content Editor

Related News