ਭਾਰਤ ਨਾਲ ਤਣਾਅ ਦੌਰਾਨ ਅਰੁਣਾਚਲ ਪ੍ਰਦੇਸ਼ ਦੇ CM ਦੀ ਚੀਨ ਨੂੰ ਚਿਤਾਵਨੀ, ਕਿਹਾ-'ਇਹ 1962 ਨਹੀਂ 2020 ਹੈ'
Saturday, Oct 24, 2020 - 01:07 PM (IST)
ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਕਿਹਾ ਕਿ ਭਾਵੇਂ ਕਿੰਨੀ ਵੀ ਵਾਰ ਚੀਨ ਇਸ ਖ਼ੇਤਰ 'ਤੇ ਆਪਣਾ ਦਾਅਵਾ ਕਰਣ ਦੀ ਕੋਸ਼ਿਸ਼ ਕਰੇ ਪਰ ਭਾਰਤੀ ਫੌਜ ਕਦੇ ਵੀ ਪਿੱਛੇ ਨਹੀਂ ਹਟੇਗੀ। ਉਨ੍ਹਾਂ ਨੇ ਚੀਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਹ 1962 ਦਾ ਸਮਾਂ ਨਹੀਂ ਹੈ। ਇਹ ਗੱਲ ਮੁੱਖ ਮੰਤਰੀ ਪੇਮਾ ਖਾਂਡੂ ਨੇ ਭਾਰਤ-ਚੀਨ ਯੁੱਧ ਵਿਚ ਲੜਦੇ ਹੋਏ ਸ਼ਹੀਦ ਹੋਏ ਇਕ ਫੌਜੀ ਨੂੰ ਸ਼ਰਧਾਂਜਲੀ ਦੇਣ ਦੌਰਾਨ ਕਹੀ।
ਭਾਰਤ-ਤਿੱਬਤ ਸਰਹੱਦ 'ਤੇ ਇਕ ਪਾਸ, ਬਾਮ ਲਾ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ 1962 ਨਹੀਂ ਸਗੋਂ 2020 ਹੈ। ਜੰਮੂ ਕਸ਼ਮੀਰ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਸਾਰੀਆਂ ਚੀਜ਼ਾਂ ਬਦਲ ਚੁੱਕੀਆਂ ਹਨ। ਉਨ੍ਹਾਂ ਭਾਰਤੀ ਫੌਜ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਹੁਣ ਸਾਡੀ ਫੌਜ ਪੂਰੀ ਤਰ੍ਹਾਂ ਤਿਆਰ ਹੈ । ਸੀ.ਐਮ. ਪੇਮਾ ਖਾਂਡੂ ਨੇ ਕਿਹਾ ਜੇਕਰ ਜ਼ਰੂਰੀ ਹੋਇਆ ਤਾਂ ਅਰੁਣਾਚਲ ਦੇ ਲੋਕ ਭਾਰਤੀ ਫੌਜ ਦੇ ਪਿੱਛੇ ਖੜ੍ਹੇ ਹੋਣ ਵਿਚ ਸੰਕੋਚ ਨਹੀਂ ਕਰਣਗੇ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਚੀਨ ਵਿਚਾਲੇ ਤਣਾਅ ਮਈ ਤੋਂ ਚੱਲ ਰਿਹਾ ਹੈ, ਜਦੋਂ ਭਾਰਤ ਨੇ ਚੀਨ ਵੱਲੋਂ ਭਾਰਤੀ ਖੇਤਰ ਵਿਚ ਕਥਿਤ ਪ੍ਰਵੇਸ਼ ਦਾ ਪਤਾ ਲਗਾਇਆ। 15 ਜੂਨ ਨੂੰ 20 ਭਾਰਤੀ ਸੈਨਿਕਾਂ ਅਤੇ ਚੀਨੀ ਸੈਨਿਕਾਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ। ਫੌਜੀ ਅਤੇ ਡਿਪਲੋਮੈਟਿਕ ਪੱਧਰ 'ਤੇ ਕਈ ਦੌਰ ਦੀ ਵਾਰਤਾ ਤਣਾਵਾਂ ਦੇ ਹੱਲ ਨੂੰ ਯਕੀਨੀ ਕਰਣ ਵਿਚ ਅਸਫ਼ਲ ਰਹੀ ਹੈ।