ਕੋਰੋਨਾ ਕਾਰਨ ਪ੍ਰਭਾਵਿਤ ਹੋਈ ਫ਼ੌਜ ਦੀ ਭਰਤੀ ਪ੍ਰਕਿਰਿਆ : ਰੱਖਿਆ ਮੰਤਰਾਲਾ
Monday, Mar 21, 2022 - 02:08 PM (IST)
ਨਵੀਂ ਦਿੱਲੀ (ਵਾਰਤਾ)- ਸਰਕਾਰ ਨੇ ਅੱਜ ਯਾਨੀ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਸਾਲ 2020 ਅਤੇ 2021 'ਚ ਹਥਿਆਰਬੰਦ ਸੈਨਾਵਾਂ ਦੀ ਭਰਤੀ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ। ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਸੋਮਵਾਰ ਨੂੰ ਰਾਜ ਸਭਾ 'ਚ ਪ੍ਰਸ਼ਨਕਾਲ ਦੌਰਾਨ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਕੋਰੋਨਾ ਦੀਆਂ ਪਾਬੰਦੀਆਂ ਕਾਰਨ ਪਿਛਲੇ 2 ਸਾਲਾਂ 'ਚ ਭਰਤੀ ਰੈਲੀਆਂ ਦਾ ਆਯੋਜਨ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਉਂਝ ਹਵਾਈ ਫ਼ੌਜ ਅਤੇ ਜਲ ਸੈਨਾ 'ਚ ਆਨਲਾਈਨ ਭਰਤੀ ਪ੍ਰਕਿਰਿਆ ਜਾਰੀ ਰਹੀ ਹੈ ਅਤੇ ਵੱਡੀ ਗਿਣਤੀ 'ਚ ਅਧਿਕਾਰੀਆਂ ਦੀ ਭਰਤੀ ਕੀਤੀ ਗਈ ਹੈ। ਹਥਿਆਰਬੰਦ ਸੈਨਾਵਾਂ 'ਚ ਕਾਂਬੇਟ ਰੋਲ 'ਚ ਔਰਤਾਂ ਦੀ ਭੂਮਿਕਾ ਬਾਰੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਕਿਤੇ ਵੀ ਕੋਈ ਰੋਕ ਨਹੀਂ ਹੈ ਅਤੇ ਜਿੱਥੇ ਕੁਝ ਸਵਾਲ ਹਨ, ਉੱਥੇ ਇਨ੍ਹਾਂ ਬਾਰੇ ਵਿਚਾਰ ਚੱਲ ਰਿਹਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਰਤੀ ਦੇ ਮਾਮਲੇ 'ਚ ਪੁੱਛੇ ਗਏ ਸਵਾਲ ਦੇ ਜਵਾਬ 'ਚ ਦਖਲਅੰਦਾਜ਼ੀ ਕਰਦੇ ਹੋਏ ਕਿਹਾ ਕਿ ਸੈਨਾਵਾਂ ਵਲੋਂ ਹਰ ਸਾਲ 90 ਤੋਂ 100 ਭਰਤੀ ਰੈਲੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ 'ਚ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਦੇਸ਼ ਦਾ ਇਕ ਵੀ ਜ਼ਿਲ੍ਹਾ ਇਸ ਤੋਂ ਬਚਿਆ ਨਾ ਰਹੇ। ਉਨ੍ਹਾਂ ਕਿਹਾ ਕਿ ਇਹ ਲਗਾਤਾਰ ਪ੍ਰਕਿਰਿਆ ਹੈ ਅਤੇ ਇਕ ਰੈਲੀ ਦੌਰਾਨ ਘੱਟੋ-ਘੱਟ 6 ਤੋਂ 8 ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਂਦਾ ਹੈ। ਸੈਨਾਵਾਂ 'ਚ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪਿਛੜਾ ਵਰਗ ਦੇ ਅਧਿਕਾਰੀਆਂ ਦੇ ਅੰਕੜਿਆਂ ਬਾਰੇ ਪੁੱਛੇ ਜਾਣ 'ਤੇ ਅਜੇ ਭੱਟ ਨੇ ਕਿਹਾ ਕਿ ਇਸ ਦੀ ਜਾਣਕਾਰੀ ਅੰਕੜੇ ਇਕੱਠੇ ਕਰ ਦਿੱਤੀ ਜਾਵੇਗੀ।