ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ’ਚ ਪਈ ਬਰਫ਼ ਹਟਾਉਣ ਲਈ ਫ਼ੌਜ ਦੀ ਟੁਕੜੀ ਰਵਾਨਾ, ਇਸ ਤਾਰੀਖ ਤੋਂ ਸ਼ੁਰੂ ਹੋਵੇਗੀ ਯਾਤਰਾ
Thursday, Apr 14, 2022 - 05:09 PM (IST)
ਗੋਪੇਸ਼ਵਰ (ਉਤਰਾਖੰਡ)– ਗੜ੍ਹਵਾਲ ਸਥਿਤ ਹਿਮਾਲਿਆ ਦੀਆਂ ਪਹਾੜੀਆਂ ’ਚ 15,200 ਫੁੱਟ ’ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ’ਤੇ ਪਈ ਬਰਫ਼ ਨੂੰ ਹਟਾਉਣ ਲਈ ਵੀਰਵਾਰ ਨੂੰ ਭਾਰਤੀ ਫ਼ੌਜ ਦੀ ਟੁਕੜੀ ਗੋਵਿੰਦਘਾਟ ਤੋਂ ਰਵਾਨਾ ਕੀਤੀ ਗਈ। ਹੇਮਕੁੰਟ ਸਾਹਿਬ ਦੀ ਯਾਤਰਾ ਅਗਲੇ ਮਹੀਨੇ 22 ਤਾਰੀਖ ਨੂੰ ਸ਼ੁਰੂ ਹੋ ਰਹੀ ਹੈ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸਰਪ੍ਰਸਤ ਹੇਠ ਗੋਵਿੰਦਘਾਟ ਪਹੁੰਚੀ ਭਾਰਤੀ ਫ਼ੌਜ ਦੀ ਟੁਕੜੀ ਦਾ ਸਵਾਗਤ ਕੀਤਾ ਗਿਆ ਅਤੇ ਅਰਦਾਸ ਮਗਰੋਂ ਉਨ੍ਹਾਂ ਗੁਰਦੁਆਰਾ ਸਾਹਿਬ ਨੇੜੇ ਘਾਂਘਰੀਆ ਲਈ ਰਵਾਨਾ ਕੀਤਾ ਗਿਆ। ਸੂਬੇਦਾਰ ਜਗਸੀਰ ਸਿੰਘ ਅਤੇ ਹੌਲਦਾਰ ਮਲਕੀਤ ਸਿੰਘ ਦੀ ਅਗਵਾਈ ’ਚ ਬਰਫ਼ ਹਟਾਉਣ ਲਈ ਫ਼ੌਜ ਦੀ ਟੁਕੜੀ ਨਾਲ ਟਰੱਸਟ ਦੇ ਸੇਵਾਦਾਰ ਵੀ ਗਏ ਹਨ। ਰਾਹ ਖੋਲ੍ਹੇ ਜਾਣ ਦੀ ਜ਼ਿੰਮੇਵਾਰੀ ਹਮੇਸ਼ਾ ਤੋਂ ਹੀ ਭਾਰਤੀ ਫ਼ੌਜ ਹੀ ਨਿਭਾਉਂਦੀ ਆਈ ਹੈ।
ਫ਼ੌਜ ਦੀ ਇਹ ਟੀਮ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਪੈਦਲ ਮਾਰਗ ਨੂੰ ਆਵਾਜਾਈ ਯੋਗ ਬਣਾਏਗੀ। ਸ੍ਰੀ ਹੇਮਕੁੰਟ ਗੁਰਦੁਆਰਾ ਸਾਹਿਬ ਦੀ 18 ਕਿਲੋਮੀਟਰ ਦੀ ਪੈਦਲ ਯਾਤਰਾ ਗੋਵਿੰਦਘਾਟ ਤੋਂ ਸ਼ੁਰੂ ਹੁੰਦੀ ਹੈ। ਗੋਵਿੰਦਘਾਟ ਦੇ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਸਾਰੇ ਜਵਾਨਾਂ ਦਾ ਇਸ ਕੰਮ ਲਈ ਸਵਾਗਤ ਕਰ ਧੰਨਵਾਦ ਕੀਤਾ ਹੈ। ਸਿੰਘ ਨੇ ਦੱਸਿਆ ਕਿ ਯਾਤਰਾ ਲਈ ਸ਼ਰਧਾਲੂ ਲਗਾਤਾਰ ਪੁੱਛ-ਗਿੱਛ ਕਰ ਰਹੇ ਹਨ ਅਤੇ ਇਸ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਇਸ ਸਾਲ ਯਾਤਰਾ ’ਤੇ ਬਹੁਤ ਵੱਡੀ ਗਿਣਤੀ ’ਚ ਸ਼ਰਧਾਲੂ ਆਉਣਗੇ।