ਚਿਦਾਂਬਰਮ ਨੂੰ ਵਕੀਲ ਨਿਯੁਕਤ ਕਰ ਕੇ ਉਨ੍ਹਾਂ ਦੇ ਪੈਰਾਂ ''ਚ ਝੁਕੇ ਕੇਜਰੀਵਾਲ- ਮਾਕਨ

11/04/2017 5:00:43 PM

ਨਵੀਂ ਦਿੱਲੀ— ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਮਾਕਨ ਨੇ ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਵਕੀਲ ਨਿਯੁਕਤ ਕਰਨ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤੰਜ਼ ਕੱਸਿਆ ਹੈ। ਦਰਅਸਲ ਉੱਪ ਰਾਜਪਾਲ ਨਾਲ ਅਧਿਕਾਰਾਂ ਦੀ ਲੜਾਈ ਨੂੰ ਲੈ ਕੇ ਸੁਪਰੀਮ ਕੋਰਟ 'ਚ ਚੱਲ ਰਹੇ ਮਾਮਲੇ ਦੀ ਪੈਰਵੀ ਲਈ ਦਿੱਲੀ ਸਰਕਾਰ ਨੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਪੀ. ਚਿਦਾਂਬਰਮ ਨੂੰ ਵਕੀਲ ਨਿਯੁਕਤ ਕੀਤਾ ਹੈ।

ਕਾਂਗਰਸ ਪ੍ਰਧਾਨ ਨੇ ਇਕ ਤੋਂ ਬਾਅਦ ਇਕ ਟਵੀਟ ਕਰ ਕੇ ਕੇਜਰੀਵਾਲ 'ਤੇ ਹਮਲਾ ਬੋਲਿਆ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਵਧਾਈ ਹੋਵੇ ਪੀ. ਚਿਦਾਂਬਰਮ, ਇਕ ਸਮੇਂ ਤੁਹਾਡੇ ਸਭ ਤੋਂ ਵੱਡੇ ਆਲੋਚਕ ਰਹੇ ਅਰਵਿੰਦ ਕੇਜਰੀਵਾਲ ਅਤੇ 'ਆਪ' ਪਾਰਟੀ ਨੇ ਤੁਹਾਨੂੰ ਦੋਸ਼ ਮੁਕਤ ਕਰ ਦਿੱਤਾ, ਕੀ ਹੁਣ 'ਆਪ' ਪਾਰਟੀ ਮੁਆਫ਼ੀ ਮੰਗੇਗੀ। ਉਨ੍ਹਾਂ ਨੇ ਇਕ ਹੋਰ ਟਵੀਟ 'ਚ ਲਿਖਿਆ ਕਿ ਆਖਰਕਾਰ ਕੇਜਰੀਵਾਲ ਨੂੰ ਚਿਦਾਂਬਰਮ ਦੇ ਪੈਰਾਂ 'ਚ ਝੁੱਕਣਾ ਪਿਆ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਭ੍ਰਿਸ਼ਟ ਨੇਤਾਵਾਂ ਦੀ ਇਕ ਸੂਚੀ ਜਾਰੀ ਕੀਤੀ ਸੀ, ਜਿਸ 'ਚ ਕਈ ਵੱਡੇ ਨੇਤਾਵਾਂ ਦੇ ਨਾਂ ਸਨ ਅਤੇ ਇਸ 'ਚ ਚਿਦਾਂਬਰਮ ਵੀ ਸ਼ਾਮਲ ਸਨ। ਦਿੱਲੀ 'ਚ ਪ੍ਰਸ਼ਾਸਨਿਕ ਅਧਿਕਾਰਾਂ ਨੂੰ ਲੈ ਕੇ ਕੇਜਰੀਵਾਲ ਸਰਕਾਰ ਨੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਹੈ।

ਇਸੇ ਪਟੀਸ਼ਨ 'ਤੇ ਵੀਰਵਾਰ ਨੂੰ ਸੁਣਵਾਈ ਦੌਰਾਨ ਚੀਫ ਜਸਟਿਸ ਦੀਪਕ ਮਿਸ਼ਰਾ ਦੀ 5 ਮੈਂਬਰੀ ਸੰਵਿਧਾਨ ਬੈਂਚ ਨੇ ਟਿੱਪਣੀ ਕੀਤੀ ਸੀ ਕਿ ਦਿੱਲੀ 'ਚ ਪ੍ਰਸ਼ਾਸਨਿਕ ਫੈਸਲੇ ਲਈ ਉਪ ਰਾਜਪਾਲ ਦੀ ਮਨਜ਼ੂਰੀ ਜ਼ਰੂਰੀ ਹੈ। ਹਾਲਾਂਕਿ ਬੈਂਚ ਨੇ ਇਹ ਵੀ ਕਿਹਾ ਸੀ ਕਿ ਇਸ ਮਾਮਲੇ ਦੀ ਅੰਤਿਮ ਸੁਣਵਾਈ ਦੂਜੀ ਬੈਂਚ ਕਰੇਗੀ। ਇਸੇ ਮਾਮਲੇ 'ਚ ਦਿੱਲੀ ਸਰਕਾਰ ਨੇ ਆਪਣਾ ਪੱਖ ਮਜ਼ਬੂਤੀ ਨਾਲ ਰੱਖਣ ਲਈ ਚਿਦਾਂਬਰਮ ਸਮੇਤ 5 ਸੀਨੀਅਰ ਵਕੀਲਾਂ ਦਾ ਇਕ ਪੈਨਲ ਬਣਾਇਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਚਿਦਾਂਬਰਮ ਹਾਜ਼ਰ ਹੋ ਕੇ ਦਿੱਲੀ ਸਰਕਾਰ ਦਾ ਪੱਖ ਰੱਖ ਸਕਦੇ ਹਨ। ਬੈਂਚ 'ਚ ਜਸਟਿਸ ਮਿਸ਼ਰਾ ਤੋਂ ਇਲਾਵਾ ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਏ.ਕੇ. ਸੀਕਰੀ, ਜਸਟਿਸ ਏ.ਐੱਮ. ਖਾਨਵਿਲਕਰ ਅਤੇ ਜਸਟਿਸ ਅਸ਼ੋਕ ਭੂਸ਼ਣ ਸ਼ਾਮਲ ਹਨ।


Related News