ਜੱਜਾਂ ਨੂੰ ਧਮਕੀ ਦੇਣ ਵਾਲੇ ਤੌਹੀਦ ਜਮਾਤ ਦਾ ਦੂਜਾ ਮੈਂਬਰ ਗ੍ਰਿਫ਼ਤਾਰ
Friday, Mar 25, 2022 - 03:33 PM (IST)
ਬੈਂਗਲੁਰੂ (ਵਾਰਤਾ)- ਕਰਨਾਟਕ ਦੇ ਚੀਫ਼ ਜਸਟਿਸ ਰਿਤੂ ਰਾਜ ਅਵਸਥੀ ਸਮੇਤ ਤਿੰਨ ਜੱਜਾਂ ਨੂੰ ਸਕੂਲਾਂ 'ਚ ਹਿਜਾਬ ਬੰਦ ਕਰਨ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ 'ਚ ਕਰਨਾਟਕ ਪੁਲਸ ਨੇ ਸ਼ੁੱਕਰਵਾਰ ਨੂੰ ਇਕ ਹੋਰ ਦੋਸ਼ੀ ਨੂੰ ਤਾਮਿਲਨਾਡੂ ਤੋਂ ਗ੍ਰਿਫ਼ਤਾਰ ਕਰ ਲਿਆ। ਜਾਮਾਲ ਮੁਹੰਮਦ ਉਸਮਾਨੀ ਨੂੰ ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ। ਕਰਨਾਟਕ ਹਾਈ ਕੋਰਟ ਦੇ ਵਕੀਲ ਸੁਧਾ ਕਾਟਵਾ ਦੇ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕਰਵਾਉਣ ਦੇ ਆਧਾਰ 'ਤੇ ਇਹ ਗ੍ਰਿਫ਼ਤਾਰੀ ਹੋਈ ਹੈ।
ਇਸ ਤੋਂ ਪਹਿਲਾਂ ਪੁਲਸ ਨੇ ਕੋਵਈ ਰਹਿਮਤੁੱਲਾ ਨੂੰ ਤਾਮਿਲਨਾਡੂ ਤੋਂ ਗ੍ਰਿਫ਼ਤਾਰ ਕਰ ਕੇ ਬੈਂਗਲੁਰੂ ਲੈ ਗਈ ਸੀ। ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਤਾਮਿਲਨਾਡੂ ਤੌਹੀਦ ਜਮਾਤ (ਟੀ.ਐੱਨ.ਟੀ.ਜੇ.) ਦਾ ਮੈਂਬਰ ਹੈ। ਰਹਿਮਤੁੱਲਾ 'ਤੇ ਝਾਰਖੰਡ ਦੇ ਇਕ ਜੱਜ ਨੂੰ ਪਿਛਲੇ ਸਾਲ ਸਵੇਰ ਦੀ ਸੈਰ ਦੌਰਾਨ ਕੁਚਲਣ ਦਾ ਦੋਸ਼ ਹੈ। ਕਰਨਾਟਕ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਮਦੁਰੈ 'ਚ ਇਕ ਪ੍ਰਦਰਸ਼ਨ ਰੈਲੀ 'ਚ ਉਸ ਨੇ ਕਿਹਾ ਸੀ ਕਿ ਝਾਰਖੰਡ ਦੇ ਇਕ ਜੱਜ ਦੇ ਕਤਲ ਜਿਸ ਤਰ੍ਹਾਂ ਹੋਈ ਉਸੇ ਤਰ੍ਹਾਂ ਤਿੰਨੋਂ ਜੱਜ ਸੀ.ਜੇ. ਅਵਸਥੀ, ਕ੍ਰਿਸ਼ਨਾ ਐੱਸ. ਦੀਕਸ਼ਿਤ ਅਤੇ ਜੇ.ਐੱਮ. ਕਾਜੀ ਨੂੰ ਮਾਰਿਆ ਜਾਵੇਗਾ। ਧਮਕੀ ਦੇਣ ਤੋਂ ਬਾਅਦ ਕਰਨਾਟਕ ਸਰਕਾਰ ਨੇ ਇਨ੍ਹਾਂ ਜੱਜਾਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ।