5 ਸੂਬਿਆਂ ਦੀਆਂ 6 ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦਾ ਐਲਾਨ, ਇਸ ਤਾਰੀਖ਼ ਨੂੰ ਪੈਣਗੀਆਂ ਵੋਟਾਂ

Thursday, Sep 09, 2021 - 02:04 PM (IST)

5 ਸੂਬਿਆਂ ਦੀਆਂ 6 ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦਾ ਐਲਾਨ, ਇਸ ਤਾਰੀਖ਼ ਨੂੰ ਪੈਣਗੀਆਂ ਵੋਟਾਂ

ਨਵੀਂ ਦਿੱਲੀ (ਭਾਸ਼ਾ)— ਚੋਣ ਕਮਿਸ਼ਨ ਨੇ ਵੀਰਵਾਰ ਯਾਨੀ ਕਿ ਅੱਜ 5 ਸੂਬਿਆਂ ਦੀਆਂ 6 ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਸਾਰੀਆਂ ਸੀਟਾਂ ’ਤੇ ਵੋਟਿੰਗ 4 ਅਕਤੂਬਰ ਨੂੰ ਹੋਵੇਗੀ। ਕਮਿਸ਼ਨ ਨੇ ਪੱਛਮੀ ਬੰਗਾਲ, ਆਸਾਮ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੀ ਇਕ-ਇਕ ਅਤੇ ਤਾਮਿਲਨਾਡੂ ਦੀਆਂ ਦੋ ਰਾਜ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਇਨ੍ਹਾਂ ’ਚੋਂ 5 ਸੀਟਾਂ ਮੈਂਬਰਾਂ ਦੇ ਅਸਤੀਫ਼ੇ ਕਾਰਨ ਖਾਲੀ ਹੋਈਆਂ ਹਨ, ਜਦਕਿ ਇਕ ਸੀਟ ਕਾਂਗਰਸ ਦੇ ਰਾਜੀਵ ਸਾਤਵ ਦੇ ਦਿਹਾਂਤ ਕਾਰਨ ਖਾਲੀ ਹੋਈ ਹੈ। ਕਮਿਸ਼ਨ ਦੀ ਨੋਟੀਫ਼ਿਕੇਸ਼ਨ ਮੁਤਾਬਕ ਨਾਮਜ਼ਦਗੀ ਦੀ ਆਖ਼ਰੀ ਤਾਰੀਖ਼ 22 ਸਤੰਬਰ ਹੈ, ਜਦਕਿ ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਾਰੀਖ਼ 27 ਸਤੰਬਰ ਹੈ। ਇਨ੍ਹਾਂ ਸਾਰੀਅ ਸੀਟਾਂ ’ਤੇ 4 ਅਕਤੂਬਰ ਨੂੰ ਵੋਟਾਂ ਪੈਣਗੀਆਂ। ਨਤੀਜੇ ਵੀ 4 ਅਕਤੂਬਰ ਨੂੰ ਹੀ ਆ ਜਾਣਗੇ। 

ਜਿਨ੍ਹਾਂ ਮੈਂਬਰਾਂ ਦੀ ਅਸਤੀਫ਼ੇ ਤੋਂ ਜ਼ਿਮਨੀ ਚੋਣਾਂ ਦੀ ਜ਼ਰੂਰਤ ਪਈ ਹੈ, ਉਨ੍ਹਾਂ ’ਚ ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਦੇ ਮਾਨਸ ਰੰਜਨ ਭੂਨੀਆ, ਆਸਾਮ ਤੋਂ ਬੋਡੋਲੈਂਡ ਪੀਪੁਲਜ਼ ਫਰੰਟ ਦੇ ਬਿਸਵਜੀਤ ਦੈਮਾਰੀ, ਮੱਧ ਪ੍ਰਦੇਸ਼ ਤੋਂ ਭਾਜਪਾ ਪਾਰਟੀ ਦੇ ਥਾਵਰਚੰਦ ਗਹਿਲੋਤ ਅਤੇ ਤਾਮਿਲਨਾਡੂ ਤੋਂ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕਸ਼ਗਮ (ਅੰਨਾ ਦਰਮੁੱਕ) ਕੇ. ਕੇ. ਪੀ. ਮੁਨੁਸਵਾਮੀ ਅਤੇ ਆਰ. ਵੈਥੀਲਿੰਗਮ ਸ਼ਾਮਲ ਹਨ। ਭੂਨੀਆ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਜਿੱਤ ਮਗਰੋਂ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਮੌਜੂਦਾ ਸਮੇਂ ਪੱਛਮੀ ਬੰਗਾਲ ਸਰਕਾਰ ਵਿਚ ਮੰਤਰੀ ਹਨ। 
ਓਧਰ ਦੈਮਾਰੀ ਨੇ ਰਾਜ ਸਭਾ ਤੋਂ ਅਸਤੀਫ਼ੇ ਮਗਰੋਂ ਭਾਜਪਾ ਦਾ ਪੱਲਾ ਫੜ੍ਹ ਲਿਆ ਸੀ। ਗਹਿਲੋਤ ਕੇਂਦਰ ਸਰਕਾਰ ਵਿਚ ਮੰਤਰੀ ਸਨ ਪਰ ਕੇਂਦਰੀ ਕੈਬਨਿਟ ਵਿਚ ਪਿਛਲੇ ਦਿਨੀਂ ਹੋਏ ਫੇਰਬਦਲ ਅਤੇ ਵਿਸਥਾਰ ਦੌਰਾਨ ਉਨ੍ਹਾਂ ਨੂੰ ਕਰਨਾਟਕ ਦਾ

ਰਾਜਪਾਲ ਨਿਯੁਕਤ ਕੀਤਾ ਗਿਆ। ਬਾਅਦ ਵਿਚ ਉਨ੍ਹਾਂ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਅੰਨਾਦਰਮੁੱਕ ਦੇ ਮੁਨੁਸਵਾਮੀ ਅਤੇ ਵੈਥਿਲਿੰਗਮ ਨੇ ਤਾਮਿਲਨਾਡੂ ਵਿਧਾਨ ਸਭਾ ’ਚ ਜਿੱਤ ਮਗਰੋਂ ਰਾਜ ਸਭਾ ਤੋਂ ਅਸਤੀਫ਼ਾ ਦਿੱਤਾ ਸੀ। ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਦੀ ਇਕ ਖਾਲੀ ਸੀਟ ਲਈ ਜ਼ਿਮਨੀ ਚੋਣ ਦੀ ਤਾਰੀਖ਼ ਦਾ ਐਲਾਨ ਕੀਤਾ ਹੈ। ਇਹ ਸੀਟ ਜਨਤਾ ਦਲ ਯੂਨਾਈਟੇਡ ਦੇ ਤਨਵੀਰ ਅਖ਼ਤਰ ਦੇ ਦਿਹਾਂਤ ਕਾਰਨ ਖਾਲੀ ਹੋਈ ਸੀ। ਇਸ ਸੀਟ ਲਈ 4 ਅਕਤੂਬਰ ਨੂੰ ਵੋਟਿੰਗ ਹੋਵੇਗੀ।


author

Babita

Content Editor

Related News