''ਆਂਧਰਾ ਪ੍ਰਦੇਸ਼ ਦੇ ਪੰਚਾਇਤ ਮੰਤਰੀ ਨੂੰ 21 ਫਰਵਰੀ ਤੱਕ ਘਰ ''ਚ ਨਜ਼ਰਬੰਦ ਰੱਖਿਆ ਜਾਏ''

02/07/2021 3:13:05 AM

ਅਮਰਾਵਤੀ (ਭਾਸ਼ਾ)- ਆਂਧਰਾ ਪ੍ਰਦੇਸ਼ ਰਾਜ ਚੋਣ ਕਮਿਸ਼ਨ ਨੇ ਇਕ ਦੁਰਲੱਭ ਘਟਨਾਚੱਕਰ ਅਧੀਨ ਸ਼ਨੀਵਾਰ ਨੂੰ ਸੂਬੇ ਦੇ ਪੁਲਸ ਮੁਖੀ ਨੂੰ ਇਹ ਗੱਲ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਕਿ ਸੂਬੇ ਦੇ ਪੰਚਾਇਤੀ ਰਾਜ ਅਤੇ ਪੇਂਡੂ ਵਿਕਾਸ ਮੰਤਰੀ ਪੀ. ਰਾਮ ਚੰਦਰ ਰੈੱਡੀ 21 ਫਰਵਰੀ ਤੱਕ ਆਪਣੇ ਘਰ ਵਿਚ ਹੀ ਨਜ਼ਰਬੰਦ ਰਹਿਣ। ਕਮਿਸ਼ਨ ਵਿਰੁੱਧ ਟਿੱਪਣੀਆਂ ਕਾਰਣ ਉਨ੍ਹਾਂ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ। ਸੂਬੇ ਵਿਚ ਪੰਚਾਇਤੀ ਚੋਣਾਂ 9 ਫਰਵਰੀ ਤੋਂ ਸ਼ੁਰੂ ਹੋਣੀਆਂ ਹਨ। ਵੋਟਾਂ 4 ਪੜਾਵਾਂ ਵਿਚ ਪੈਣਗੀਆਂ ਅਤੇ 21 ਫਰਵਰੀ ਨੂੰ ਖਤਮ ਹੋਣਗੀਆਂ।
ਸੂਬੇ ਦੇ ਚੋਣ ਕਮਿਸ਼ਨਰ ਰਮੇਸ਼ ਕੁਮਾਰ ਨੇ ਆਪਣੇ ਹੁਕਮ ਵਿਚ ਕਿਹਾ ਕਿ ਕਮਿਸ਼ਨ ਨੇ ਉਕਤ ਕਾਰਵਾਈ ਲਈ ਵੱਖ-ਵੱਖ ਬਦਲਾਂ ਅਤੇ ਸੰਦਰਭਾਂ 'ਤੇ ਧਿਆਨ ਨਾਲ ਵਿਚਾਰ ਕੀਤਾ। ਸੰਵਿਧਾਨ ਦੇ ਆਰਟੀਕਲ 243-ਕੇ ਵਿਚ ਪ੍ਰਦਾਨ ਕੀਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੰਤਰੀ ਵਿਰੁੱਧ ਇਹ ਹੁਕਮ ਦਿੱਤਾ ਗਿਆ ਹੈ। ਚੋਣ ਕਮਿਸ਼ਨਰ ਮੁਤਾਬਕ ਮੰਤਰੀ ਨੇ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੁਲੈਕਟਰਾਂ ਅਤੇ ਚੋਣ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਉਹ 'ਸਨਕੀ ਚੋਣ ਕਮਿਸ਼ਨਰ' ਦੇ ਹੁਕਮਾਂ ਦੀ ਪਾਲਣਾ ਨਾ ਕਰਨ। ਜੇ ਉਹ ਇੰਝ ਕਰਦੇ ਹਨ ਤਾਂ ਚੋਣਾਂ ਪਿੱਛੋਂ ਅਜਿਹੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਨੂੰ ਕਾਲੀ ਸੂਚੀ ਵਿਚ ਪਾ ਦਿੱਤਾ ਜਾਵੇਗਾ। ਰੈੱਡੀ ਨੇ ਸੂਬਾਈ ਚੋਣ ਕਮਿਸ਼ਨਰ ਦੇ ਸਿਆਸੀ ਇਰਾਦਿਆਂ 'ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਰਮੇਸ਼ ਕੁਮਾਰ ਵਿਰੋਧੀ ਪਾਰਟੀ ਤੇਲਗੂ ਦੇਸ਼ਮ ਦਾ ਪੱਖ ਲੈ ਰਹੇ ਹਨ ਤਾਂ ਜੋ ਭਵਿੱਖ ਵਿਚ ਉਨ੍ਹਾਂ ਨੂੰ ਲੋਕ ਸਭਾ ਜਾਂ ਵਿਧਾਨ ਪ੍ਰੀਸ਼ਦ ਦੀ ਸੀਟ ਮਿਲ ਸਕੇ। 
ਪਾਗਲ ਹੋ ਗਏ ਹਨ ਸੂਬੇ ਦੇ ਚੋਣ ਕਮਿਸ਼ਨਰ : ਰੈੱਡੀ
ਸੂਬਾਈ ਚੋਣ ਕਮਿਸ਼ਨਰ ਦੇ ਹੁਕਮਾਂ 'ਤੇ ਟਿੱਪਣੀ ਕਰਦਿਆਂ ਰਾਮ ਚੰਦਰ ਰੈੱਡੀ ਨੇ ਕਿਹਾ ਕਿ ਜੇ ਪੁਲਸ ਮੁਖੀ ਨੇ ਹੁਕਮ ਦੀ ਪਾਲਣਾ ਕਰਨੀ ਹੋਵੇ ਤਾਂ ਉਹ ਕਰ ਸਕਦਾ ਹੈ, ਮੈਂ ਇਸ ਦੀ ਵਿਰੋਧਤਾ ਨਹੀਂ ਕਰਦਾ। ਮੈਂ ਸਿਰਫ ਇਹ ਕਹਿ ਰਿਹਾ ਹਾਂ ਕਿ ਖਾਮੋਸ਼ ਕਰਨ ਲਈ ਸੂਬਾਈ ਚੋਣ ਕਮਿਸ਼ਨਰ ਵਲੋਂ ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਚੰਦਰ ਬਾਬੂ ਨਾਇਡੂ ਨਾਲ ਕਥਿਤ ਮਿਲੀਭਗਤ ਕਰ ਕੇ ਉਕਤ ਹੁਕਮ ਦਿੱਤਾ ਗਿਆ ਜੋ ਇਹ ਸੰਕੇਤ ਦਿੰਦਾ ਹੈ ਕਿ ਸੂਬੇ ਦੇ ਚੋਣ ਕਮਿਸ਼ਨਰ ਪਾਗਲ ਹੋ ਗਏ ਹਨ। ਲੋਕ ਯਕੀਨੀ ਤੌਰ 'ਤੇ ਇਸ ਲਈ ਉਨ੍ਹਾਂ ਨੂੰ ਸਬਕ ਸਿਖਾਉਣਗੇ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News