ਆਂਧਰਾ ਪ੍ਰਦੇਸ਼ ਸ਼ਰਾਬ ‘ਘਪਲਾ’ ਮਾਮਲਾ : ED ਨੇ ਦਿੱਲੀ-NCR ਸਮੇਤ ਕਈ ਸੂਬਿਆਂ ’ਚ ਮਾਰੇ ਛਾਪੇ
Thursday, Sep 18, 2025 - 11:43 PM (IST)

ਹੈਦਰਾਬਾਦ/ਅਮਰਾਵਤੀ, (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਆਂਧਰਾ ਪ੍ਰਦੇਸ਼ ’ਚ ਕਥਿਤ 3,500 ਕਰੋਡ਼ ਰੁਪਏ ਦੇ ਸ਼ਰਾਬ ਘਪਲੇ ਦੀ ਮਨੀ ਲਾਂਡਰਿੰਗ ਜਾਂਚ ਦੇ ਸਿਲਸਿਲੇ ’ਚ ਵੀਰਵਾਰ ਨੂੰ ਕਈ ਸੂਬਿਆਂ ’ਚ ਛਾਪੇ ਮਾਰੇ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਘਪਲਾ ਪਿਛਲੀ ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਹੋਇਆ ਸੀ। ਤੇਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਅਤੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ’ਚ ਘੱਟ ਤੋਂ ਘੱਟ 20 ਥਾਵਾਂ ’ਤੇ ਤਲਾਸ਼ੀ ਲਈ ਗਈ, ਜੋ ਉਨ੍ਹਾਂ ਸੰਸਥਾਵਾਂ ਅਤੇ ਲੋਕਾਂ ਨਾਲ ਜੁੜੀਆਂ ਹਨ, ਜਿਨ੍ਹਾਂ ਨੇ ਕਥਿਤ ਤੌਰ ’ਤੇ ਫਰਜ਼ੀ/ਵਧਾ-ਚੜ੍ਹਾ ਕੇ ਦੱਸੇ ਗਏ ਬਿੱਲਾਂ ਰਾਹੀਂ ਰਿਸ਼ਵਤ ਦੇ ਭੁਗਤਾਨ ’ਚ ਮਦਦ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਕੁਝ ਮੁਲਜ਼ਮਾਂ ਨਾਲ ਸਬੰਧਤ ਕੰਪਲੈਕਸਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ, ਇਨ੍ਹਾਂ ’ਚ ਏਰੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਸ਼੍ਰੀ ਜਿਊਲਰਜ਼ ਐਕਜ਼ਿੰਪ, ਐੱਨ. ਆਰ. ਉਦਯੋਗ ਐੱਲ. ਐੱਲ. ਪੀ., ਦਿ ਇੰਡੀਆ ਫਰੂਟਸ ਪ੍ਰਾਈਵੇਟ ਲਿਮਟਿਡ (ਚੇਨਈ), ਵੈਂਕਟੇਸ਼ਵਰ ਪੈਕੇਜਿੰਗ, ਸੁਵਰਨਾ ਦੁਰਗਾ ਬਾਟਲਜ਼, ਰਾਓ ਸਾਹਿਬ ਬੁਰੁਗੂ ਮਹਾਦੇਵ ਜਿਊਲਰਜ਼, ਉਸ਼ੋਦਿਆ ਇੰਟਰਪ੍ਰਾਈਜ਼ਿਜ਼ ਅਤੇ ਮੋਹਨ ਲਾਲ ਜਿਊਲਰਜ਼ (ਚੇਨਈ) ਸ਼ਾਮਲ ਹਨ।