5600 ਕਰੋੜ ਦੀ ਡਰੱਗ ਮਾਮਲੇ ''ਚ ਕਾਂਗਰਸ ਦੀ ਸ਼ਮੂਲੀਅਤ ਸ਼ਰਮਨਾਕ: ਅਮਿਤ ਸ਼ਾਹ
Friday, Oct 04, 2024 - 04:01 PM (IST)
ਨਵੀਂ ਦਿੱਲੀ- ਦਿੱਲੀ ਤੋਂ ਬਰਾਮਦ ਕੀਤੀ ਗਈ 5600 ਕਰੋੜ ਦੀ ਡਰੱਗ ਦੇ ਮਾਮਲੇ 'ਚ ਹੁਣ ਸਿਆਸਤ ਭੱਖਦੀ ਜਾ ਰਹੀ ਹੈ। ਇਸ ਡਰੱਗ ਸਿੰਡੀਕੇਟ ਦਾ ਮਾਸਟਰਮਾਈਂਡ ਕੋਈ ਹੋਰ ਨਹੀਂ ਸਗੋਂ ਦਿੱਲੀ ਪ੍ਰਦੇਸ਼ ਕਾਂਗਰਸ ਦੀ RTI ਸੈੱਲ ਦਾ ਚੇਅਰਮੈਨ ਰਹਿ ਚੁੱਕਾ ਤੁਸ਼ਾਹ ਗੋਇਲ ਹੈ। ਇਸ ਗੱਲ ਦਾ ਖ਼ੁਲਾਸਾ ਦਿੱਲੀ ਪੁਲਸ ਸਪੈਸ਼ਲ ਸੈੱਲ ਦੀ ਪੁੱਛਗਿੱਛ ਵਿਚ ਹੋਇਆ ਹੈ। ਤੁਸ਼ਾਰ ਦੀਆਂ ਕਈ ਕਾਂਗਰਸੀ ਨੇਤਾਵਾਂ ਨਾਲ ਫੋਟੋਆਂ ਵੀ ਸਾਹਮਣੇ ਆਈਆਂ ਹਨ। ਇਸ ਨੂੰ ਲੈ ਕੇ ਭਾਜਪਾ ਪਾਰਟੀ ਨੇ ਕਈ ਸਵਾਲ ਚੁੱਕੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮਾਮਲੇ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਹੈ।
ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕਰ ਕੇ ਕਿਹਾ ਕਿ ਇਕ ਪਾਸੇ ਜਿੱਥੇ ਮੋਦੀ ਸਰਕਾਰ ਨਸ਼ਾ ਮੁਕਤ ਭਾਰਤ ਲਈ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਰਹੀ ਹੈ। ਉੱਥੇ ਹੀ ਉੱਤਰ ਭਾਰਤ ਤੋਂ ਫੜੀ ਗਈ ਡਰੱਗ ਦੀ 5600 ਕਰੋੜ ਰੁਪਏ ਦੀ ਖੇਪ ਵਿਚ ਕਾਂਗਰਸ ਦੇ ਇਕ ਪ੍ਰਮੁੱਖ ਵਿਅਕਤੀ ਦੀ ਸ਼ਮੂਲੀਅਤ ਬੇਹੱਦ ਖ਼ਤਰਨਾਕ ਅਤੇ ਸ਼ਰਮਨਾਕ ਹੈ।
ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਕਾਂਗਰਸ ਦੇ ਸ਼ਾਸਨ ਵਿਚ ਡਰੱਗ ਤੋਂ ਪੰਜਾਬ, ਹਰਿਆਣਾ ਅਤੇ ਪੂਰੇ ਉੱਤਰ ਭਾਰਤ ਵਿਚ ਨੌਜਵਾਨਾਂ ਦਾ ਜੋ ਹਾਲ ਹੋਇਆ ਹੈ, ਉਹ ਸਾਰਿਆਂ ਨੇ ਵੇਖਿਆ ਹੈ। ਮੋਦੀ ਸਰਕਾਰ ਨੌਜਵਾਨਾਂ ਨੂੰ ਖੇਡ, ਸਿੱਖਿਆ ਅਤੇ ਇਨੋਵੇਸ਼ਨ ਵਲ ਲੈ ਕੇ ਜਾ ਰਹੀ ਹੈ ਤਾਂ ਕਾਂਗਰਸ ਉਨ੍ਹਾਂ ਨੂੰ ਡਰੱਗ ਦੀ ਹਨ੍ਹੇਰੀ ਦੁਨੀਆ 'ਚ ਲੈ ਜਾਣਾ ਚਾਹੁੰਦੀ ਹੈ। ਕਾਂਗਰਸ ਆਗੂ ਨੇ ਆਪਣੇ ਸਿਆਸੀ ਰਸੂਖ ਤੋਂ ਨੌਜਵਾਨਾਂ ਨੂੰ ਡਰੱਗ ਦੇ ਦਲਦਲ ਵਿਚ ਸੁੱਟਣ ਦਾ ਜੋ ਪਾਪ ਕੀਤਾ ਸੀ, ਇਨ੍ਹਾਂ ਇਰਾਦਿਆਂ ਨੂੰ ਮੋਦੀ ਸਰਕਾਰ ਕਦੇ ਪੂਰਾ ਨਹੀਂ ਹੋਣ ਦੇਵੇਗੀ। ਸਾਡੀ ਸਰਕਾਰ ਡਰੱਗ ਕਾਰੋਬਾਰੀਆਂ ਦਾ ਸਿਆਸੀ ਅਹੁਦੇ ਜਾਂ ਕੱਦ ਵੇਖੇ ਬਿਨਾਂ, ਡਰੱਗ ਦੇ ਪੂਰੇ ਤੰਤਰ ਦਾ ਵਿਨਾਸ਼ ਕਰ ਕੇ ਨਸ਼ਾ ਮੁਕਤ ਭਾਰਤ ਬਣਾਉਣ ਲਈ ਸੰਕਲਪਬੱਧ ਹੈ।
RTI ਸੈੱਲ ਦਾ ਚੇਅਰਮੈਨ ਰਹਿ ਚੁੱਕਾ ਤੁਸ਼ਾਰ
ਦੱਸ ਦੇਈਏ ਕਿ ਦਿੱਲੀ ਤੋਂ ਬਰਾਮਦ ਕੀਤੀ ਗਈ 5600 ਕਰੋੜ ਦੀ ਕੋਕੀਨ ਦੇ ਮਾਮਲੇ ਦਾ ਮਾਸਟਰਮਾਈਂਡ ਅਤੇ ਮੁੱਖ ਦੋਸ਼ੀ ਤੁਸ਼ਾਰ ਗੋਇਲ 2022 ਵਿਚ ਦਿੱਲੀ ਪ੍ਰਦੇਸ਼ ਕਾਂਗਰਸ ਦੀ RTI ਸੈੱਲ ਦਾ ਚੇਅਰਮੈਨ ਰਹਿ ਚੁੱਕਾ ਹੈ। ਦੋਸ਼ੀ ਦੀ ਸੋਸ਼ਲ ਮੀਡੀਆ ਪ੍ਰੋਫਾਈਲ 'ਤੇ ਵੀ RTI ਸੈੱਲ ਚੇਅਰਮੈਨ, ਦਿੱਲੀ ਪ੍ਰਦੇਸ਼ ਕਾਂਗਰਸ ਲਿਖਿਆ ਹੋਇਆ ਹੈ। ਦੋਸ਼ੀ ਨੇ ਡਿੱਕੀ ਗੋਇਲ ਨਾਂ ਤੋਂ ਸੋਸ਼ਲ ਮੀਡੀਆ 'ਤੇ ਪ੍ਰਫਾਈਲ ਬਣਾਈ ਹੋਈ ਹੈ।