ਸੰਸਦ 'ਚ ਬੋਲੇ ਅਮਿਤ ਸ਼ਾਹ, ਨਹੀਂ ਮੁਆਫ਼ ਹੋਈ ਰਾਜੋਆਣਾ ਦੀ ਫਾਂਸੀ

12/3/2019 12:50:12 PM

ਨਵੀਂ ਦਿੱਲੀ— ਮੰਗਲਵਾਰ ਨੂੰ ਲੋਕ ਸਭਾ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦਾ ਮੁੱਖ ਦੋਸ਼ੀ ਹੈ। ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਨਹੀਂ ਹੋਈ ਹੈ। ਦਰਅਸਲ ਸੰਸਦ 'ਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਰਾਜੋਆਣਾ ਦੀ ਸਜ਼ਾ ਮੁਆਫ਼ੀ ਨੂੰ ਲੈ ਕੇ ਸਵਾਲ ਕੀਤਾ ਸੀ। ਜਿਸ ਦਾ ਜਵਾਬ ਦਿੰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਮੀਡੀਆ ਰਿਪੋਰਟਾਂ 'ਤੇ ਨਾ ਜਾਓ, ਫਾਂਸੀ ਦੀ ਸਜ਼ਾ ਮੁਆਫ਼ ਨਹੀਂ ਹੋਈ।  

ਜ਼ਿਕਰਯੋਗ ਹੈ ਕਿ ਮੀਡੀਆ 'ਚ ਅਜਿਹੀਆਂ ਖ਼ਬਰਾਂ ਸਨ ਕਿ ਬੀਤੀ 12 ਨਵੰਬਰ ਨੂੰ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਸਰਕਾਰ ਵਲੋਂ ਉਮਰ ਕੈਦ 'ਚ ਤਬਦੀਲ ਕਰ ਦਿੱਤਾ ਗਿਆ ਹੈ। ਰਾਜੋਆਣਾ ਇਸ ਸਮੇਂ ਪਟਿਆਲਾ ਦੀ ਕੇਂਦਰੀ ਜੇਲ ਵਿਚ ਬੰਦ ਹੈ। ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਨੂੰ ਲੈ ਕੇ ਬੇਅੰਤ ਸਿੰਘ ਦਾ ਪਰਿਵਾਰ ਨਾਰਾਜ਼ ਨਜ਼ਰ ਆਇਆ। ਇਸ ਮੁੱਦੇ 'ਤੇ ਬੇਅੰਤ ਸਿੰਘ ਦੇ ਪੋਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਨੇ ਲੰਬਾ ਸਮਾਂ ਅੱਤਵਾਦ ਦਾ ਸੰਤਾਪ ਝੱਲਿਆ ਹੈ, ਜਿਸ ਤੋਂ ਬਾਅਦ ਸੂਬੇ 'ਚ ਸ਼ਾਂਤੀ ਦਾ ਮਾਹੌਲ ਵਾਪਸ ਲਿਆਉਣ ਲਈ ਬੇਅੰਤ ਸਿੰਘ ਨੂੰ ਆਪਣੀ ਸ਼ਹਾਦਤ ਦੇਣੀ ਪਈ। ਰਾਜੋਆਣਾ ਨੇ ਬੇਅੰਤ ਸਿੰਘ ਦੇ ਕਤਲ ਦਾ ਜ਼ੁਰਮ ਦਾ ਕਬੂਲ ਕੀਤਾ ਹੈ, ਅਜਿਹੇ ਵਿਚ ਰਾਜੋਆਣਾ ਦੀ ਸਜ਼ਾ ਮੁਆਫ਼ੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।


Tanu

Edited By Tanu