ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਅਲਰਟ

07/02/2019 11:10:04 AM

ਵਿਦਿਸ਼ਾ— ਮੱਧ ਪ੍ਰਦੇਸ਼ 'ਚ ਵਿਦਿਸ਼ਾ ਜ਼ਿਲੇ ਦੇ ਗੰਜਬਾਸੌਦਾ ਤੋਂ ਵਿਧਾਇਕ ਲੀਨਾ ਜੈਨ ਨੂੰ ਅਣਪਛਾਤੇ ਵਿਅਕਤੀ ਨੇ ਡਾਕ ਰਾਹੀਂ ਪੱਤਰ ਭੇਜ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਖੁਦ ਵਿਧਾਇਕ ਨੂੰ, ਬਾਸੌਦਾ ਦੇ ਰੇਲਵੇ ਸਟੇਸ਼ਨ ਅਤੇ ਸਰਕਾਰੀ ਹਸਪਤਾਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਵਿਧਾਇਕ ਦੀ ਸੂਚਨਾ ਤੋਂ ਬਾਅਦ ਪੁਲਸ ਅਲਰਟ ਹੋ ਗਈ ਹੈ। ਹਸਪਤਾਲ ਅਤੇ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। 

ਗੰਜਬਾਸੌਦਾ ਵਿਧਾਇਕ ਲੀਨਾ ਜੈਨ ਅਨੁਸਾਰ ਸੋਮਵਾਰ ਦੁਪਹਿਰ ਉਨਾਂ ਨੂੰ ਡਾਕ ਰਾਹੀਂ ਇਕ ਪੱਤਰ ਮਿਲਿਆ। ਜਦੋਂ ਉਨ੍ਹਾਂ ਨੇ ਪੱਤਰ ਖੋਲ੍ਹ ਕੇ ਪੜ੍ਹਿਆ ਤਾਂ ਉਸ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਖੁਦ ਉਨ੍ਹਾਂ ਨੂੰ, ਗੰਜਬਾਸੌਦਾ ਦੇ ਸਰਕਾਰੀ ਹਸਪਤਾਲ ਅਤੇ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਪੱਤਰ ਭੇਜਣ ਵਾਲਿਆਂ ਦੇ ਨਾਂ ਦੀ ਜਗ੍ਹਾ 'ਬੰਬ ਬਣਾਉਣ ਵਾਲਾ' ਲਿਖਿਆ ਹੋਇਆ ਸੀ। ਵਿਧਾਇਕ ਅਨੁਸਾਰ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।

ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ
ਦੂਜੇ ਪਾਸੇ ਵਿਧਾਇਕ ਦੀ ਸੂਚਨਾ ਤੋਂ ਬਾਅਦ ਰੇਲਵੇ ਸਟੇਸ਼ਨ, ਹਸਪਤਾਲ, ਬੱਸ ਸਟੈਂਡ 'ਤੇ ਪੁਲਸ ਫੋਰਸ ਮੁਸਤੈਦ ਕਰ ਦਿੱਤੀ ਗਈ। ਬੰਬ ਵਿਰੋਧੀ ਦਸਤੇ ਵੀ ਪਹੁੰਚ ਗਏ, ਜਿਨ੍ਹਾਂ ਨੇ ਸੋਮਵਾਰ ਦੇਰ ਰਾਤ ਤਲਾਸ਼ੀ ਲਈ। ਵਿਧਾਇਕ ਦੀ ਸੂਚਨਾ 'ਤੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਵਿਧਾਇਕ ਦੇ ਘਰ, ਰੇਲਵੇ ਸਟੇਸ਼ਨ, ਹਸਪਤਾਲ, ਬੱਸ ਸਟੈਂਡ 'ਤੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਬੰਬ ਵਿਰੋਧੀ ਦਸਤਾ ਵੀ ਜਾਂਚ ਕਰ ਰਿਹਾ ਹੈ। ਪੱਤਰ ਦੀ ਜਾਂਚ ਕਰਵਾਈ ਜਾ ਰਹੀ ਹੈ।


DIsha

Content Editor

Related News