''ਅਟਲ ਸੁਰੰਗ'' ਹਿਮਾਚਲ, ਲੱਦਾਖ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ : ਅਮਿਤ ਸ਼ਾਹ

10/3/2020 6:33:03 PM

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਰੋਹਤਾਂਗ 'ਚ ਬਣੀ ਦੁਨੀਆ ਦੀ ਸਭ ਤੋਂ ਲੰਬੀ ਅਟਲ ਸੁਰੰਗ ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਦੇ ਲੋਕਾਂ ਲਈ ਵਰਦਾਨ ਸਾਬਤ ਹੋਣ ਵਾਲੀ ਹੈ। ਇਸ ਨਾਲ ਨਾ ਸਿਰਫ਼ ਦੇਸ਼ ਦੀਆਂ ਰਣਨੀਤਕ ਤਿਆਰੀਆਂ ਨੂੰ ਜ਼ੋਰ ਮਿਲੇਗਾ ਸਗੋਂ ਖੇਤਰ ਦੇ ਲੋਕਾਂ ਨੂੰ ਬਿਹਤਰ ਸਿਹਤ, ਵਪਾਰ ਅਤੇ ਹੋਰ ਸਹੂਲਤਾਂ ਉਪਲੱਬਧ ਹੋਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ 'ਚ 10 ਹਜ਼ਾਰ ਫੁੱਟ ਦੀ ਉੱਚਾਈ 'ਤੇ ਬਣੀ ਅਟਲ ਸੁਰੰਗ ਦਾ ਸ਼ਨੀਵਾਰ ਨੂੰ ਉਦਘਾਟਨ ਕੀਤਾ। ਮਨਾਲੀ ਨੂੰ ਲਾਹੌਲ-ਸਪੀਤੀ ਘਾਟੀ ਨਾਲ ਜੋੜਨ ਵਾਲੀ 9.02 ਕਿਲੋਮੀਟਰ ਲੰਬੀ ਅਟਲ ਸੁਰੰਗ ਦੁਨੀਆ ਦੀ ਸਭ ਤੋਂ ਲੰਬੀ ਰਾਜਮਾਰਗ ਸੁਰੰਗ ਹੈ। ਰਣਨੀਤਕ ਰੂਪ ਨਾਲ ਮਹੱਤਵਪੂਰਨ ਇਹ ਸੁਰੰਗ ਹਿਮਾਲਿਆ ਦੀ ਪੀਰ ਪੰਜਾਲ ਲੜੀ 'ਚ ਔਸਤ ਸਮੁੰਦਰ ਤੱਟ ਤੋਂ 10 ਹਜ਼ਾਰ ਫੁੱਟ ਦੀ ਉੱਚਾਈ 'ਤੇ ਬੇਹੱਦ ਆਧੁਨਿਕ ਵਿਸ਼ੇਸ਼ਤਾਵਾਂ ਨਾਲ ਬਣਾਈ ਗਈ ਹੈ। 

ਸ਼ਾਹ ਨੇ ਲੜੀਵਾਰ ਟਵੀਟ ਕਰ ਕੇ ਕਿਹਾ,''ਅਟਲ ਸੁਰੰਗ ਪੂਰੇ ਖੇਤਰ ਲਈ ਵਰਦਾਨ ਸਾਬਤ ਹੋਵੇਗੀ। ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ, ਵਪਾਰ ਦੇ ਮੌਕੇ ਅਤੇ ਜ਼ਰੂਰੀ ਸਮੱਗਰੀਆਂ ਉਪਲੱਬਧ ਹੋ ਸਕਣਗੀਆਂ। ਇਹ ਸਾਡੀ ਰੱਖਿਆ ਤਿਆਰੀਆਂ ਨੂੰ ਜ਼ੋਰ ਦੇਣ ਦੇ ਨਾਲ ਹੀ ਸੈਰ-ਸਪਾਟਾ ਖੇਤਰ 'ਚ ਰੁਜ਼ਗਾਰ ਨੂੰ ਉਤਸ਼ਾਹ ਵੀ ਦੇਵੇਗੀ।'' ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਪੂਰੇ ਦੇਸ਼ ਲਈ ਇਤਿਹਾਸਕ ਹੈ, ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਵਿਹਾਰੀ ਵਾਜਪੇਈ ਦੀ ਦੂਰਦ੍ਰਿਸ਼ਟੀ ਸੱਚ ਹੋਈ ਹੈ। ਉਨ੍ਹਾਂ ਨੇ ਕਿਹਾ,''ਇੰਜੀਨੀਅਰਿੰਗ ਦਾ ਨਮੂਨਾ ਅਟਲ ਸਰੁੰਗ ਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ। ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਸਰਹੱਦੀ ਸੜਕ ਸੰਗਠਨ ਨੂੰ ਵੀ ਬਹੁਤ-ਬਹੁਤ ਵਧਾਈ।''

ਸ਼ਾਹ ਨੇ ਕਿਹਾ ਕਿ ਇਹ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਜੋ ਲੇਹ ਅਤੇ ਮਨਾਲੀ ਦਰਮਿਆਨ ਯਾਤਰਾ ਦੇ ਸਮੇਂ 'ਚ 4 ਤੋਂ 5 ਘੰਟੇ ਦੀ ਕਮੀ ਲਿਆਏਗੀ। ਇਸ ਸੁਰੰਗ ਨਾਲ ਮਨਾਲੀ ਅਤੇ ਲੇਹ ਦਰਮਿਆਨ ਦੀ ਦੂਰੀ 46 ਕਿਲੋਮੀਟਰ ਘੱਟ ਹੋ ਜਾਵੇਗੀ। ਅਟਲ ਸੁਰੰਗ ਨੂੰ ਵੱਧ ਤੋਂ ਵੱਧ 80 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਰ ਦਿਨ 3000 ਕਾਰਾਂ ਅਤੇ 1500 ਟਰੱਕਾਂ ਦੀ ਆਵਾਜਾਈ ਲਈ ਡਿਜ਼ਾਈਨ ਕੀਤਾ ਗਿਆ ਹੈ। ਅਟਲ ਬਿਹਾਰੀ ਵਾਜਪੇਈ ਸਰਕਾਰ ਨੇ ਰੋਹਤਾਂਗ ਦਰਰੇ ਹੇਠਾਂ ਰਣਨੀਤਕ ਰੂਪ ਨਾਲ ਮਹੱਤਵਪੂਰਨ ਇਸ ਸੁਰੰਦ ਦਾ ਨਿਰਮਾਣ ਕਰਵਾਉਣ ਦਾ ਫੈਸਲਾ ਕੀਤਾ ਸੀ। ਸੁਰੰਗ ਦੇ ਦੱਖਣੀ ਪੋਰਟਲ 'ਤੇ ਸੰਪਰਕ ਮਾਰਗ ਦਾ ਨੀਂਹ ਪੱਧਰ 26 ਮਈ 2002 ਨੂੰ ਰੱਖਿਆ ਗਿਆ ਸੀ। ਮੋਦੀ ਸਰਕਾਰ ਨੇ ਦਸੰਬਰ 2019 'ਚ ਸਾਬਕਾ ਪ੍ਰਧਾਨ ਮੰਤਰੀ ਦੇ ਸਨਮਾਨ 'ਚ ਸੁਰੰਗ ਦਾ ਨਾਂ ਅਟਲ ਸੁਰੰਗ ਰੱਖਣ ਦਾ ਫੈਸਲਾ ਕੀਤਾ ਸੀ, ਜਿਨ੍ਹਾਂ ਦਾ ਦਿਹਾਂਤ ਪਿਛਲੇ ਸਾਲ ਹੋ ਗਿਆ।


DIsha

Content Editor DIsha