ਗ੍ਰਹਿ ਮੰਤਰੀ ਅਮਿਤ ਸ਼ਾਹ ਦੀ PA ਦੱਸ ਕੇ ਨੌਕਰੀ ਦਾ ਦਿੱਤਾ ਝਾਂਸਾ, ਠੱਗੇ 20 ਲੱਖ ਰੁਪਏ

Sunday, Aug 04, 2024 - 04:48 PM (IST)

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ PA ਦੱਸ ਕੇ ਨੌਕਰੀ ਦਾ ਦਿੱਤਾ ਝਾਂਸਾ, ਠੱਗੇ 20 ਲੱਖ ਰੁਪਏ

ਹਿਸਾਰ- ਹਰਿਆਣਾ ਦੇ ਹਿਸਾਰ 'ਚ ਖ਼ੁਦ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ PA ਦੱਸ ਕੇ ਰੇਲਵੇ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਕ ਔਰਤ ਤੋਂ 20 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ ਵਿਚ ਭਰਾ-ਭੈਣ ਖਿਲਾਫ਼ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਪੀੜਤਾ ਦੀ ਫੋਟੋ ਅਤੇ ਵੀਡੀਓ ਨੂੰ ਐਡਿਟ ਕਰ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ ਗਈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਉਹ ਹਿਸਾਰ ਵਿਚ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਕਰਦੀ ਹੈ। ਨਵੰਬਰ 2023 ਨੂੰ ਰਾਹੁਲ ਨਾਂ ਦੇ ਸ਼ਖ਼ਸ ਦਾ ਫੋਨ ਆਇਆ। ਉਸ ਨੇ ਕਿਹਾ ਕਿ ਉਹ ਰੇਲਵੇ ਵਿਚ ਟੀਸੀ ਹੈ ਅਤੇ ਉਸ ਦੀ ਭੈਣ ਸਵਾਤੀ ਰਾਜਕੋਟ ਵਿਚ IAS ਅਧਿਕਾਰੀ ਹੈ। ਤਿੰਨ ਦਿਨ ਬਾਅਦ ਫਿਰ ਫੋਨ ਕਰ ਕੇ ਰਾਹੁਲ ਨੇ ਉਸ ਦੀ ਗੱਲ ਸਵਾਤੀ ਨਾਲ ਕਰਵਾਈ।

ਮੁਲਜ਼ਮ ਬੋਲੇ- ਮੈਂ ਅਮਿਤ ਸ਼ਾਹ  PA ਹਾਂ

ਸਵਾਤੀ ਨੇ ਦੱਸਿਆ ਕਿ ਉਹ IAS ਅਧਿਕਾਰੀ ਹੈ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੀਏ ਹੈ। ਉਹ ਰੇਲਵੇ ਦੇ ਅੰਦਰ ਸਪੋਰਟਸ ਦਾ ਡਿਪਲੋਮਾ ਬਣਵਾ ਕੇ ਨੌਕਰੀ ਦਿਵਾ ਦੇਵੇਗੀ। ਇਸ ਦੇ ਬਦਲੇ 8 ਲੱਖ ਰੁਪਏ ਦੇਣੇ ਹੋਣਗੇ। ਜਾਲ ਵਿਚ ਫਸ ਕੇ ਔਰਤ ਨੇ ਆਪਣੇ ਦਸਤਾਵੇਜ਼ ਸਵਾਤੀ ਨੂੰ ਭੇਜ ਦਿੱਤੇ। ਫਿਰ ਰਾਹੁਲ ਨੇ ਫੋਨ ਕਰ ਕੇ ਕਿਹਾ ਕਿ ਉਸ ਨੂੰ ਜਲਦੀ ਨੌਕਰੀ ਮਿਲ ਜਾਵੇਗੀ। ਇਸ ਤੋਂ ਬਾਅਦ ਉਸ ਨੇ ਰਾਹੁਲ ਨੂੰ 8 ਲੱਖ ਰੁਪਏ ਦਿੱਤੇ।

ਵਿਆਹ ਦਾ ਦਿੱਤਾ ਝਾਂਸਾ

ਕੁਝ ਦਿਨ ਬਾਅਦ ਰਾਹੁਲ ਨੇ ਫੋਨ ਕਰ ਕੇ ਪੀੜਤਾ ਦੀ ਆਪਣੇ ਮਾਤਾ-ਪਿਤਾ ਨਾਲ ਗੱਲ ਕਰਵਾਈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸਹਿਮਤ ਹੋ ਤਾਂ ਤੁਹਾਡੀ ਨੌਕਰੀ ਲਗਵਾ ਕੇ ਘਰ ਦੀ ਨੂੰਹ ਬਣਾ ਲਵਾਂਗੇ ਪਰ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਦਸੰਬਰ 2023 ਵਿਚ ਉਸ ਨੇ ਰਾਹੁਲ ਨੂੰ ਫੋਨ ਕਰ ਕੇ ਪੁੱਛਿਆ ਕਿ ਨੌਕਰੀ ਕਦੋਂ ਲੱਗੇਗੀ। ਉਸ ਨੇ ਕਿਹਾ ਕਿ ਸਵਾਤੀ ਅਜੇ ਬਾਹਰ ਹੈ। ਰਾਹੁਲ ਦੇ ਕਹਿਣ 'ਤੇ ਉਸ ਨੇ 85 ਹਜ਼ਾਰ ਰੁਪਏ ਉਸ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ। ਪੀੜਤਾ ਨੇ ਦੱਸਿਆ ਕਿ ਇਕ ਦਿਨ ਇੰਸਟਾਗ੍ਰਾਮ 'ਤੇ ਜੋਨੀ ਮਿਲਰ ਨਾਂ ਦੀ ਆਈਡੀ ਤੋਂ ਰਾਹੁਲ ਨੇ ਉਸ ਨਾਲ ਗੱਲ ਕੀਤੀ। ਉਸ ਨੇ ਕਿਹਾ ਕਿ ਤੁਹਾਡੀ ਰੇਵਾੜੀ ਵਿਚ ਨੌਕਰੀ ਲੱਗ ਗਈ ਹੈ। ਇਸ ਲਈ ਉਸ ਨੇ 8 ਲੱਖ ਰੁਪਏ ਹੋਰ ਮੰਗੇ। ਪੀੜਤਾ ਨੇ ਕਿਸੇ ਤੋਂ ਉਧਾਰ ਲੈ ਕੇ 4 ਲੱਖ 6 ਹਜ਼ਾਰ ਰੁਪਏ ਰਾਹੁਲ ਦੇ ਖਾਤੇ ਵਿਚ ਪਾ ਦਿੱਤੇ। ਇਸ ਤਰ੍ਹਾਂ ਦੋਸ਼ੀਆਂ ਨੇ ਉਸ ਤੋਂ 20 ਲੱਖ ਰੁਪਏ ਅਤੇ ਉਸ ਦੀ ਕਾਰ ਲੈ ਲਈ। 

ਸਦਮੇ ਵਿਚ ਪਿਤਾ ਦੀ ਗਈ ਜਾਨ

ਪੀੜਤਾ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ਦੀ ਅਸ਼ਲੀਲ ਫੋਟੋ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦਿੱਤੀ। ਇਸ ਬਾਰੇ ਪਿਤਾ ਨੂੰ ਦੱਸਿਆ ਤਾਂ ਉਨ੍ਹਾਂ ਦੀ ਅਪ੍ਰੈਲ 2024 ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹੁਣ ਦੋਸ਼ੀ ਰੁਪਏ ਦੇਣ ਤੋਂ ਇਨਕਾਰ ਕਰ ਰਹੇ ਹਨ। ਪੀੜਤਾ ਦੀ ਸ਼ਿਕਾਇਤ 'ਤੇ ਰਾਹੁਲ ਅਤੇ ਸਵਾਤੀ ਖਿਲਾਫ਼ ਧੋਖਾਧੜੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News