ਅਮਿਤ ਸ਼ਾਹ, ਰਾਜਨਾਥ ਸਮੇਤ ਹੋਰ ਮੰਤਰੀਆਂ ਨੇ ਟਵੀਟ ਕਰ ਬਿਪਿਨ ਰਾਵਤ ਦੀ ਮੌਤ ''ਤੇ ਜਤਾਇਆ ਦੁੱਖ

Wednesday, Dec 08, 2021 - 08:19 PM (IST)

ਅਮਿਤ ਸ਼ਾਹ, ਰਾਜਨਾਥ ਸਮੇਤ ਹੋਰ ਮੰਤਰੀਆਂ ਨੇ ਟਵੀਟ ਕਰ ਬਿਪਿਨ ਰਾਵਤ ਦੀ ਮੌਤ ''ਤੇ ਜਤਾਇਆ ਦੁੱਖ

ਭੋਪਾਲ - ਤਾਮਿਲਨਾਡੂ ਦੇ ਕਨੂੰਰ ਵਿੱਚ ਹੋਏ ਹੈਲੀਕਾਪਟਰ ਹਾਦਸੇ ਵਿੱਚ CDS ਬਿਪਿਨ ਰਾਵਤ ਦਾ ਦਿਹਾਂਤ ਹੋ ਗਿਆ ਹੈ। ਜੋ ਹੈਲੀਕਾਪਟਰ ਕ੍ਰੈਸ਼ ਹੋਇਆ ਹੈ, ਉਸ ਵਿੱਚ 14 ਲੋਕ ਸਵਾਰ ਸਨ। ਸੀ.ਡੀ.ਸੀ. ਰਾਵਤ ਦੀ ਪਤਨੀ ਮਧੁਲਿਕਾ ਰਾਵਤ ਵੀ ਹੈਲੀਕਾਪਟਰ ਵਿੱਚ ਸਵਾਰ ਸੀ। ਸੀ.ਡੀ.ਸੀ. ਦੀ ਮੌਤ 'ਤੇ ਸੀ.ਐੱਮ. ਸ਼ਿਵਰਾਜ ਸਿੰਘ ਚੌਹਾਨ, ਸਾਬਕਾ ਸੀ.ਐੱਮ. ਕਮਲਨਾਥ, ਰਾਜਨਾਥ ਸਿੰਘ, ਓਮ ਬਿੜਲਾ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਗ ਪ੍ਰਗਟਾਇਆ ਹੈ।

ਸੀ.ਐੱਮ. ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਵਿੱਚ ਲਿਖਿਆ ਕਿ ਭਾਰਤ ਨੇ ਇੱਕ ਹੀਰੋ ਨੂੰ ਗੁਆ ਦਿੱਤਾ ਹੈ। ਭਾਰਤੀ ਹਥਿਆਰਬੰਦ ਸੈਨਾਵਾਂ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ, ਜਨਰਲ ਬਿਪਿਨ ਸਿੰਘ ਰਾਵਤ, ਉਨ੍ਹਾਂ ਦੀ ਪਤਨੀ ਸ੍ਰੀਮਤੀ ਮਧੁਲਿਕਾ ਸਿੰਘ ਦੇ ਬੇਵਕਤੀ ਦੁਖਦਾਈ ਦਿਹਾਂਤ 'ਤੇ ਮੈਂ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ। ਮਧੁਲਿਕਾ ਰਾਵਤ ਮੱਧ ਪ੍ਰਦੇਸ਼ ਦੀ ਧੀ ਸੀ।

ਜਨਰਲ ਰਾਵਤ ਇੱਕ ਬਹਾਦਰ ਸਿਪਾਹੀ ਅਤੇ ਉੱਚ ਦਰਜੇ ਦੇ ਅਧਿਕਾਰੀ ਸਨ, ਜਿਨ੍ਹਾਂ ਨੇ ਆਪਣੇ ਆਖਰੀ ਸਾਹ ਤੱਕ ਆਪਣੀ ਮਾਤ ਭੂਮੀ ਦੀ ਸੇਵਾ ਕੀਤੀ। ਬਗ਼ਾਵਤ ਵਿਰੋਧੀ ਕਾਰਵਾਈਆਂ ਅਤੇ ਉੱਚ-ਉਚਾਈ ਵਾਲੇ ਯੁੱਧ ਵਿੱਚ ਮਾਹਰ ਹੋਣ ਦੇ ਨਾਅਤੇ, ਉਸ ਨੇ ਰਾਸ਼ਟਰ ਦੀ ਸੇਵਾ ਦਾ ਇੱਕ ਨਵਾਂ ਮਾਪਦੰਡ ਸਥਾਪਤ ਕੀਤਾ, ਜਿਸ ਕਾਰਨ ਉਹ ਭਾਰਤ ਦਾ ਪਹਿਲਾ ਸੀ.ਡੀ.ਐੱਸ. ਬਣ ਗਿਆ।

ਉਥੇ ਹੀ ਓਮ ਬਿੜਲਾ ਨੇ ਟਵੀਟ ਕਰ ਇਸ ਹਾਦਸੇ 'ਤੇ ਦੁੱਲ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿਸ, ''ਤਾਮਿਲਨਾਡੂ ਵਿੱਚ ਹੈਲੀਕਾਪਟਰ ਹਾਦਸੇ ਵਿੱਚ CDS ਜਨਰਲ ਬਿਪਿਨ ਰਾਵਤ ਜੀ ਦੀ ਮੌਤ ਬਹੁਤ ਦੁਖਦਾਈ ਹੈ। ਦੇਸ਼ ਨੇ ਅੱਜ ਇੱਕ ਹੁਨਰਮੰਦ ਯੋਧਾ, ਇੱਕ ਸ਼ਾਨਦਾਰ ਰਣਨੀਤੀਕਾਰ ਅਤੇ ਇੱਕ ਤਜ਼ਰਬੇਕਾਰ ਨੇਤਾ ਨੂੰ ਗੁਆ ਦਿੱਤਾ ਹੈ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਦੁੱਖ ਦੀ ਇਸ ਘੜੀ ਵਿੱਚ ਮੇਰੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੈ। ਓਮ ਸ਼ਾਂਤੀ!!!''

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰ ਹੈਲੀਕਾਪਟਰ ਹਾਦਸੇ 'ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ''ਰਾਸ਼ਟਰ ਲਈ ਇੱਕ ਬਹੁਤ ਹੀ ਦੁਖਦਾਈ ਦਿਨ ਹੈ ਕਿਉਂਕਿ ਅਸੀਂ ਆਪਣੇ ਸੀ.ਡੀ.ਐੱਸ., ਜਨਰਲ ਬਿਪਿਨ ਰਾਵਤ ਜੀ ਨੂੰ ਇੱਕ ਬਹੁਤ ਹੀ ਦੁਖਦਾਈ ਹਾਦਸੇ ਵਿੱਚ ਗੁਆ ਦਿੱਤਾ ਹੈ। ਉਹ ਬਹਾਦਰ ਸਿਪਾਹੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਮਾਤ ਭੂਮੀ ਦੀ ਪੂਰੀ ਤਨਦੇਹੀ ਨਾਲ ਸੇਵਾ ਕੀਤੀ ਹੈ। ਉਸ ਦੇ ਮਿਸਾਲੀ ਯੋਗਦਾਨ ਅਤੇ ਵਚਨਬੱਧਤਾ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਬਹੁਤ ਦੁਖੀ ਹਾਂ।''

ਇਸ ਦੇ ਨਾਲ ਹੀ ਉਨ੍ਹਾਂ ਕਿਹਾ, ''ਮੈਂ ਸ਼੍ਰੀਮਤੀ ਮਧੁਲਿਕਾ ਰਾਵਤ ਅਤੇ 11 ਹੋਰ ਹਥਿਆਰਬੰਦ ਬਲਾਂ ਦੇ ਜਵਾਨਾਂ ਦੀ ਦੁਖਦਾਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ। ਮੇਰੇ ਵਿਚਾਰ ਦੁਖੀ ਪਰਿਵਾਰਾਂ ਦੇ ਨਾਲ ਹਨ। ਪ੍ਰਮਾਤਮਾ ਉਨ੍ਹਾਂ ਨੂੰ ਇਸ ਦੁਖਦਾਈ ਘਟਨਾ ਨੂੰ ਸਹਿਣ ਕਰਨ ਦਾ ਬਲ ਬਖਸ਼ੇ।''

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਟਵੀਟ ਕਰ ਇਹ ਦੁਖਦ ਹਾਦਸੇ ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਕਰ ਕਿਹਾ, ''ਤਾਮਿਲਨਾਡੂ ਵਿੱਚ ਅੱਜ ਇੱਕ ਬਹੁਤ ਹੀ ਮੰਦਭਾਗੇ ਹੈਲੀਕਾਪਟਰ ਹਾਦਸੇ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਹਥਿਆਰਬੰਦ ਬਲਾਂ ਦੇ ਜਵਾਨਾਂ ਦੀ ਅਚਾਨਕ ਮੌਤ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਦੀ ਬੇਵਕਤੀ ਮੌਤ ਸਾਡੀਆਂ ਹਥਿਆਰਬੰਦ ਸੈਨਾਵਾਂ ਅਤੇ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।''

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News