ਅਮਰੀਕਾ ਪੁੱਜੀ ਕਰਨਾਲ ਦੀ ਧੀ ! ਸਿੱਖੀਆਂ ਸਪੇਸ ਤੇ ਮੰਗਲ ਮਿਸ਼ਨ ਦੀਆਂ ਬਾਰੀਕੀਆਂ
Wednesday, Aug 19, 2026 - 01:58 PM (IST)
ਕਰਨਾਲ (ਏਜੰਸੀ)- ਹਰਿਆਣਾ ਦੇ ਕਰਨਾਲ ਦੀ ਧੀ ਅਤੇ ਟੈਗੋਰ ਸਕੂਲ ਦੀ 11ਵੀਂ ਜਮਾਤ ਦੀ ਨਾਨ-ਮੈਡੀਕਲ ਵਿਦਿਆਰਥਣ ਯਸ਼ਿਕਾ ਮੈਹਲਾ ਨੇ ਅਮਰੀਕਾ 'ਚ 15 ਦਿਨ ਰਹਿ ਕੇ ਪੁਲਾੜ ਵਿਗਿਆਨ ਅਤੇ ਮੰਗਲ ਗ੍ਰਹਿ ਨਾਲ ਜੁੜੇ ਮਿਸ਼ਨ ਦੀ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ। ਭਾਰਤ ਦਾ ਪ੍ਰਤੀਨਿਧੀਤੱਵ ਕਰਨ ਲਈ ਯਸ਼ਿਕਾ ਦੀ ਚੋਣ ਯੂਨਾਈਟੇਡ ਸਪੇਸ ਸਕੂਲ ਦੇ ਪ੍ਰੋਗਰਾਮ 'ਚ ਹੋਈ ਸੀ। ਪ੍ਰੋਗਰਾਮ ਦੌਰਾਨ ਯਸ਼ਿਕਾ ਨੇ ਨਾਸਾ ਦੇ ਵਿਗਿਆਨੀਆਂ ਨਾਲ ਮੁਲਾਕਾਤ ਕਰ ਕੇ ਪੁਲਾੜ ਵਿਗਿਆਨ ਨੂੰ ਕਰੀਬ ਤੋਂ ਸਮਝਿਆ ਅਤੇ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਨਾਲ ਟੀਮ 'ਚ ਕੰਮ ਕੀਤਾ।
ਯਸ਼ਿਕਾ ਨੇ ਦੱਸਿਆ ਕਿ ਉਸ ਨੂੰ ਸਕੂਲ ਦੇ ਅਧਿਆਪਕਾਂ ਦੇ ਮਾਧਿਅਮ ਨਾਲ ਚੋਣ ਦੀ ਜਾਣਕਾਰੀ ਮਿਲੀ ਸੀ। ਇਹ ਉਸ ਦੇ ਜੀਵਨ ਦੀ ਮਹੱਤਵਪੂਰਨ ਉਪਲੱਬਧੀ ਰਹੀ ਅਤੇ ਉਹ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਸੀ। ਯੂਨਾਈਟੇਡ ਸਪੇਸ ਸਕੂਲ ਦਾ ਪ੍ਰੋਗਰਾਮ ਕਰੀਬ 29 ਸਾਲਾਂ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਸ 'ਚ ਪੁਲਾੜ ਵਿਗਿਆਨ 'ਚ ਰੁਚੀ ਰੱਖਣ ਵਾਲੇ 35 ਦੇਸ਼ਾਂ ਦੇ ਵਿਦਿਆਰਥੀ ਹਿੱਸਾ ਲੈਂਦੇ ਹਨ। ਪ੍ਰੋਗਰਾਮ 'ਚ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਅਤੇ ਭੂਮਿਕਾ ਦੇ ਆਧਾਰ 'ਤੇ ਵੱਖ-ਵੱਖ ਟੀਮਾਂ 'ਚ ਵੰਡਿਆ ਗਿਆ। ਯਸ਼ਿਕਾ ਦੀ ਚੋਣ ਗ੍ਰੀਨ ਟੀਮ 'ਚ ਹੋਈ ਅਤੇ ਉਸ ਨੂੰ 'ਸਭਿਅਤਾ ਅਤੇ ਮੰਗਲ ਗ੍ਰਹਿ 'ਤੇ ਨਿਵਾਸ' ਦੀ ਭੂਮਿਕਾ ਮਿਲੀ। ਟੀਮ ਨੇ ਮੰਗਲ ਮਿਸ਼ਨ ਨਾਲ ਜੁੜੇ ਪ੍ਰਾਜੈਕਟ 'ਤੇ ਕੰਮ ਕੀਤਾ।
ਮਾਹਿਰਾਂ ਨੇ ਵਿਦਿਆਰਥੀਆਂ ਨੂੰ ਪ੍ਰਾਜੈਕਟ ਨਾਲ ਸੰਬੰਧਤ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ 'ਤੇ ਭਾਸ਼ਣ ਵੀ ਦਿੱਤੇ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਸਥਾਨਾਂ ਦਾ ਦੌਰਾ ਕਰਵਾਇਆ ਗਿਆ। ਵੱਖ-ਵੱਖ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਨੇ ਇਕ-ਦੂਜੇ ਨਾਲ ਆਪਣੀ ਸੰਸਕ੍ਰਿਤੀ ਸਾਂਝੀ ਕੀਤੀ। ਪਹਿਲੇ ਹਫ਼ਤੇ ਸੰਸਕ੍ਰਿਤੀ ਮੇਲੇ ਦਾ ਆਯੋਜਨ ਹੋਇਆ, ਜਿਸ 'ਚ ਵਿਦਿਆਰਥੀਆਂ ਨੇ ਆਪਣੇ ਦੇਸ਼ਾਂ ਦੀ ਕਹਾਣੀ, ਸੰਗੀਤ ਅਤੇ ਡਾਂਸ ਪੇਸ਼ ਕੀਤੇ। ਖਾਣ-ਪੀਣ ਦੀਆਂ ਚੀਜ਼ਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ। ਯਸ਼ਿਕਾ ਨੇ ਭਾਰਤ ਵੱਲੋਂ ਬਰੈੱਡ ਪਕੌੜਾ ਬਣਾਇਆ। ਯਸ਼ਿਕਾ ਨੇ ਦੱਸਿਆ ਕਿ ਉਹ ਭਵਿੱਖ 'ਚ ਏਅਰੋਨਾਟਿਕਲ ਇੰਜੀਨੀਅਰ ਬਣਨਾ ਚਾਹੁੰਦੀ ਹੈ ਅਤੇ ਅੱਗੇ ਵੀ ਨਾਸਾ ਜਾਣਾ ਚਾਹੇਗੀ। ਪ੍ਰੋਗਰਾਮ ਦੇ ਅੰਤਿਮ ਦਿਨ ਪੁਲਾੜ ਯਾਤਰੀ ਸਟੀਵਨ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਦੇਣ ਪਹੁੰਚੇ। ਯਸ਼ਿਕਾ ਨੇ ਕਿਹਾ ਕਿ ਕਲਪਨਾ ਚਾਵਲਾ ਉਨ੍ਹਾਂ ਲਈ ਪ੍ਰੇਰਨਾ ਸਰੋਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
