ਅੰਬੇਡਕਰ ਮਹਾਸਭਾ ਟਰੱਸਟ ਨੇ ਰਾਮ ਮੰਦਰ ਨਿਰਮਾਣ ਲਈ ਦਾਨ ਕੀਤੀ ‘ਚਾਂਦੀ ਦੀ ਇੱਟ’
Monday, Feb 15, 2021 - 11:53 AM (IST)
ਅਯੁੱਧਿਆ— ਰਾਮ ਦੀ ਨਗਰੀ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਲਈ ਪੂਰੇ ਦੇਸ਼ ਭਰ ਤੋਂ ਰਾਮ ਭਗਤ ਆਪਣੀ ਸ਼ਰਧਾ ਮੁਤਾਬਕ ਦਾਨ ਦੇ ਰਹੇ ਹਨ। ਡਾ. ਭੀਮਰਾਵ ਅੰਬੇਡਕਰ ਮਹਾਸਭਾ ਟਰੱਸਟ ਨੇ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਡਾ. ਅਨਿਲ ਮਿਸ਼ਰਾ ਨੂੰ ਚਾਂਦੀ ਦੀ ਇੱਟ ਦਾਨ ਕੀਤੀ ਹੈ। ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ ਦੇ ਪ੍ਰਧਾਨ ਡਾ. ਲਾਲਜੀ ਪ੍ਰਸਾਦ ਨਿਰਮਲ ਨੇ ਕਾਰ ਸੇਵਕ ਪੁਰਮ ਵਿਚ ਸ਼੍ਰੀਰਾਮ ਮੰਦਰ ਨਿਰਮਾਣ ਲਈ ਐਤਵਾਰ ਨੂੰ ਚਾਂਦੀ ਦੀ ਇੱਟ ਭੇਟ ਕੀਤੀ ਹੈ। ਡਾ. ਨਿਰਮਲ ਦਾ ਕਹਿਣਾ ਹੈ ਕਿ ਸਮਾਜ ਦੇ ਹੋਰ ਵਰਗ ਵਾਂਗ ਦਲਿਤ ਅਤੇ ਹਾਸ਼ੀਏ ’ਤੇ ਰਹਿਣ ਵਾਲਾ ਤਬਕਾ ਵੀ ਮੰਦਰ ਨਿਰਮਾਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਉਨ੍ਹਾਂ ਨੇ ਕਿਹਾ ਕਿ ਦਲਿਤ ਭਾਈਚਾਰਾ ਰਾਮ ਮੰਦਰ ਦੇ ਨਿਰਮਾਣ ਲਈ ਰਾਹ ਪੱਧਰਾ ਕੀਤੇ ਜਾਣ ਲਈ ਨਿਆਪਾਲਿਕਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਪ੍ਰਤੀ ਧੰਨਵਾਦ ਜ਼ਾਹਰ ਕਰਦਾ ਹੈ।
ਦੱਸ ਦੇਈਏ ਕਿ 15 ਜਨਵਰੀ ਨੂੰ ਮਾਘੀ ਤੋਂ ਹੀ ਸ਼੍ਰੀਰਾਮ ਜਨਮਭੂਮੀ ਮੰਦਰ ਨਿਰਮਾਣ ਲਈ ਨਿਧੀ ਸਮਰਪਣ ਮੁਹਿੰਮ ਚਲਾਈ ਜਾ ਰਹੀ ਹੈ। ਅਯੁੱਧਿਆ ਦੇ ਰਾਮ ਮੰਦਰ ਦਾ ਲੰਬੇ ਸਮੇਂ ਤੋਂ ਦੇਸ਼ ਦੇ ਲੋਕਾਂ ਨੂੰ ਉਡੀਕ ਸੀ। ਹੁਣ ਜਦੋਂ ਰਾਮ ਮੰਦਰ ਦਾ ਨਿਰਮਾਣ ਕੰਮ ਸ਼ੁਰੂ ਹੋ ਚੁੱਕਾ ਹੈ ਤਾਂ ਅਜਿਹੇ ਵਿਚ ਦੇਸ਼ ਦੇ ਸਾਰੇ ਵਰਗਾਂ ਦੇ ਲੋਕ ਇਸ ਵਿਚ ਆਪਣਾ ਸਹਿਯੋਗ ਦੇ ਰਹੇ ਹਨ। ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਡਾ. ਅਨਿਲ ਮਿਸ਼ਰਾ ਦਾ ਕਹਿਣਾ ਹੈ ਕਿ ਭਗਵਾਨ ਰਾਮ ਲੱਲਾ ਨੂੰ ਪ੍ਰਤੀਕ ਦੇ ਰੂਪ ਵਿਚ ਚਾਂਦੀ ਦੀ ਇੱਟ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ ਦੇ ਪ੍ਰਧਾਨ ਡਾ. ਲਾਲਜੀ ਪ੍ਰਸਾਦ ਨਿਰਮਲ ਸਮਰਪਿਤ ਕੀਤੀ ਗਈ ਹੈ। ਫ਼ਿਲਹਾਲ ਰਾਮ ਮੰਦਰ ਨਿਰਮਾਣ ਦਾ ਕੰਮ ਜ਼ੋਰਾਂ-ਸ਼ੋਰਾਂ ’ਤੇ ਹੈ। ਮੰਦਰ ਕੰਪਲੈਕਸ ਵਿਚ ਨੀਂਹ ਦੀ ਖੋਦਾਈ ਦਾ ਕੰਮ ਕੀਤਾ ਜਾ ਰਿਹਾ ਹੈ। ਲੱਗਭਗ 9 ਮੀਟਰ ਤੱਕ ਖੋਦਾਈ ਪੂਰੀ ਹੋ ਚੁੱਕੀ ਹੈ ਅਤੇ 70 ਦਿਨਾਂ ਵਿਚ ਨੀਂਹ ਦੀ ਖੋਦਾਈ ਦਾ ਕੰਮ ਪੂਰਾ ਕਰ ਲਿਆ ਜਾਵੇਗਾ।