ਮੋਹਲੇਧਾਰ ਮੀਂਹ ਬਣਿਆ ਆਫ਼ਤ, IMD ਨੇ 5 ਜ਼ਿਲ੍ਹਿਆਂ ''ਚ ਜਾਰੀ ਕੀਤਾ ਅਲਰਟ
Wednesday, Sep 04, 2024 - 01:09 PM (IST)
ਅੰਬਾਲਾ- ਹਰਿਆਣਾ ਦੇ ਅੰਬਾਲਾ ਵਿਚ ਮੋਹਲੇਧਾਰ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਸਵੇਰ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਸੜਕਾਂ ਮੰਨੋ ਨਦੀਆਂ 'ਚ ਤਬਦੀਲ ਹੋ ਗਈਆਂ ਹੋ। ਮੀਂਹ ਤੋਂ ਪਹਿਲਾਂ ਅੰਬਾਲਾ ਨਗਰ ਨਿਗਮ ਹਰ ਵਾਰ ਵੱਡੇ-ਵੱਡੇ ਦਾਅਵੇ ਕਰਦਾ ਹੈ ਪਰ ਮੀਂਹ ਮਗਰੋਂ ਸਾਹਮਣੇ ਆਈਆਂ ਤਸਵੀਰਾਂ ਨੇ ਨਗਰ ਨਿਗਮ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਕੁਝ ਹੀ ਘੰਟਿਆਂ ਦੇ ਮੀਂਹ ਨੇ ਸ਼ਹਿਰ ਦੀਆਂ ਸੜਕਾਂ ਨੂੰ ਨਦੀਆਂ ਵਿਚ ਤਬਦੀਲ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਮੌਸਮ ਵਿਭਾਗ (IMD) ਨੇ ਹਰਿਆਣਾ ਦੇ ਅੰਬਾਲਾ, ਪੰਚਕੂਲਾ ਸਮੇਤ 5 ਜ਼ਿਲ੍ਹਿਆਂ 'ਚ ਮੋਹਲੇਧਾਰ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅਜਿਹੇ ਵਿਚ ਮੀਂਹ ਜੇਕਰ ਇੰਝ ਹੀ ਪੈਂਦਾ ਰਿਹਾ ਤਾਂ ਤਸਵੀਰਾਂ ਹੋਰ ਵੀ ਭਿਆਨਕ ਹੋ ਸਕਦੀਆਂ ਹਨ। ਅੰਬਾਲਾ ਦੇ ਪਾਸ਼ ਇਲਾਕਿਆਂ ਵਿਚ ਵੀ ਮੀਂਹ ਦਾ ਪਾਣੀ ਲੋਕਾਂ ਨੂੰ ਡਰਾ ਰਿਹਾ ਹੈ। ਅੰਬਾਲਾ ਦੇ ਲੋਕ ਗੁੱਸੇ ਵਿਚ ਹਨ ਕਿਉਂਕਿ ਸੜਕਾਂ 'ਤੇ ਪਾਣੀ ਭਰ ਜਾਣ ਦੀ ਸਥਿਤੀ ਨੂੰ ਲੈ ਕੇ ਸਿੱਧੇ-ਸਿੱਧੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਗੁਨਾਹਗਾਰ ਮੰਨ ਰਹੇ ਹਨ।