ਅੰਬਾਲਾ ਵਾਸੀਆਂ ਨੂੰ ਜਲਦ ਮਿਲੇਗਾ ਹਵਾਈ ਅੱਡੇ ਦਾ ਤੋਹਫ਼ਾ : ਵਿਜ
Monday, Oct 21, 2024 - 05:32 PM (IST)
ਅੰਬਾਲਾ- ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਸੋਮਵਾਰ ਨੂੰ ਕਿਹਾ ਕਿ ਅੰਬਾਲਾ ਦੇ ਨਾਗਰਿਕਾਂ ਨੂੰ ਜਲਦ ਹੀ ਹਵਾਈ ਅੱਡੇ ਦਾ ਤੋਹਫਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਅਮਲੀਜਾਮਾ ਪਹਿਨਾਉਣ ਲਈ ਸਿਰਫ਼ ਇਕ ਮਹੀਨੇ ਦਾ ਸਮਾਂ ਲੱਗੇਗਾ। ਇਸ ਪ੍ਰਾਜੈਕਟ ਨੂੰ ਚਲਾਉਣ ਲਈ ਮਸ਼ੀਨਾਂ ਦੇ ਆਰਡਰ ਦਿੱਤੇ ਗਏ ਹਨ ਅਤੇ ਮਸ਼ੀਨਾਂ ਦੇ ਆਉਣ ਤੋਂ ਬਾਅਦ ਇਹ ਪ੍ਰਾਜੈਕਟ ਆਮ ਲੋਕਾਂ ਲਈ ਪੂਰੀ ਤਰ੍ਹਾਂ ਚਾਲੂ ਹੋ ਜਾਵੇਗਾ।
ਉਹ ਅੱਜ ਅੰਬਾਲਾ ਛਾਉਣੀ ਵਿਚ ਐਸਕੇਲੇਟਰ ਵਾਲੇ ਫੁੱਟ ਓਵਰ ਬ੍ਰਿਜ ਦਾ ਉਦਘਾਟਨ ਕਰ ਰਹੇ ਸਨ।
ਵਿਜ ਨੇ ਕਿਹਾ ਕਿ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਇਸ ਪ੍ਰਾਜੈਕਟ ਨਾਲ ਸਿਵਲ ਹਸਪਤਾਲ ਅੰਬਾਲਾ ਛਾਉਣੀ 'ਚ ਰੋਜ਼ਾਨਾ ਆਉਣ ਵਾਲੇ ਹਜ਼ਾਰਾਂ ਮਰੀਜ਼ਾਂ ਅਤੇ ਆਮ ਨਾਗਰਿਕਾਂ ਨੂੰ ਫਾਇਦਾ ਹੋਵੇਗਾ। ਇਸ ਪ੍ਰਾਜੈਕਟ ਦੇ ਰੱਖ-ਰਖਾਅ ਦਾ ਕੰਮ ਨਗਰ ਕੌਂਸਲ ਅੰਬਾਲਾ ਛਾਉਣੀ ਵੱਲੋਂ ਕੀਤਾ ਜਾਵੇਗਾ। ਇਸ ਪ੍ਰਾਜੈਕਟ ਵਿਚ ਸੁਰੱਖਿਆ ਕਾਰਨਾਂ ਕਰਕੇ 4 ਹੈਵੀ ਡਿਊਟੀ ਐਸਕੇਲੇਟਰ ਲਗਾਏ ਗਏ ਹਨ। ਹਰੇਕ ਐਸਕੇਲੇਟਰ ਵਿਚ ਪ੍ਰਤੀ ਘੰਟੇ ਦੋ ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਲਿਜਾਉਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸ਼ਹਿਰ ਅੰਦਰ ਐਸਕੇਲੇਟਰਾਂ ਵਾਲਾ ਇਹ ਪਹਿਲਾ ਫੁੱਟ ਓਵਰ ਬ੍ਰਿਜ ਹੈ।