ਖ਼ਰਾਬ ਮੌਸਮ ਅਤੇ ਜੰਮੂ ਕਸ਼ਮੀਰ ਰਾਜਮਾਰਗ ਦੀ ਬੁਰੀ ਹਾਲਤ ਕਾਰਨ ਰੋਕੀ ਗਈ ਅਮਰਨਾਥ ਯਾਤਰਾ

07/22/2022 4:11:52 PM

ਜੰਮੂ (ਭਾਸ਼ਾ)- ਖ਼ਰਾਬ ਮੌਸਮ ਅਤੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਦੀ ਬੁਰੀ ਹਾਲਤ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਸ਼ੁੱਕਰਵਾਰ ਨੂੰ ਰੋਕ ਦਿੱਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੰਮੂ ਤੋਂ ਕਿਸੇ ਵੀ ਨਵੇਂ ਜਥੇ ਨੂੰ ਆਧਾਰ ਕੈਂਪ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਰਾਮਬਨ ਜ਼ਿਲ੍ਹੇ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਬੰਦ ਹੋਏ ਰਾਸ਼ਟਰੀ ਰਾਜਮਾਰਗ ਨੂੰ ਵੀਰਵਾਰ ਰਾਤ ਨੂੰ ਇਕ ਤਰਫਾ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ।

ਯਾਤਰਾ ਪ੍ਰਬੰਧਨ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ,''ਹਾਈਵੇਅ ਦੀ ਬੁਰੀ ਹਾਲਤ ਅਤੇ ਖਰਾਬ ਮੌਸਮ ਦੇ ਮੱਦੇਨਜ਼ਰ ਜੰਮੂ ਤੋਂ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ।'' ਇਸ ਤੋਂ ਪਹਿਲਾਂ 10 ਅਤੇ 11 ਜੁਲਾਈ ਨੂੰ ਵੀ ਖ਼ਰਾਬ ਮੌਸਮ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਸੀ। ਅਧਿਕਾਰੀਆਂ ਮੁਤਾਬਕ ਹਾਈਵੇਅ 'ਤੇ ਆਵਾਜਾਈ ਪੂਰੀ ਤਰ੍ਹਾਂ ਸ਼ੁਰੂ ਹੋਣ ਦੀ ਸਥਿਤੀ 'ਚ ਸ਼ਾਮ ਤੋਂ ਜੰਮੂ ਤੋਂ ਇਕ ਵਾਰ ਫਿਰ ਯਾਤਰਾ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ 43 ਦਿਨਾਂ ਦੀ ਯਾਤਰਾ 30 ਜੂਨ ਨੂੰ ਸ਼ੁਰੂ ਹੋਈ ਸੀ। ਇਹ 11 ਅਗਸਤ ਨੂੰ ਰੱਖੜੀ ਮੌਕੇ 'ਤੇ ਸਮਾਪਤ ਹੋਵੇਗੀ।


DIsha

Content Editor

Related News