ਮੁੜ ਸ਼ੁਰੂ ਹੋਈ ਅਮਰਨਾਥ ਯਾਤਰਾ, 1800 ਤੋਂ ਵਧੇਰੇ ਸ਼ਰਧਾਲੂ ਹੋਏ ਰਵਾਨਾ
Tuesday, Aug 06, 2024 - 03:38 PM (IST)
ਜੰਮੂ : ਸਾਲਾਨਾ ਅਮਰਨਾਥ ਯਾਤਰਾ ਇਕ ਦਿਨ ਲਈ ਮੁਲਤਵੀ ਕਰਨ ਤੋਂ ਬਾਅਦ ਮੰਗਲਵਾਰ ਨੂੰ ਮੁੜ ਸ਼ੁਰੂ ਹੋਈ ਅਤੇ 1800 ਤੋਂ ਵੱਧ ਸ਼ਰਧਾਲੂ ਦੱਖਣੀ ਕਸ਼ਮੀਰ ਦੇ ਹਿਮਾਲਿਆ ਵਿਚ ਸਥਿਤ ਜੰਮੂ ਬੇਸ ਕੈਂਪ ਤੋਂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਰਵਾਨਾ ਹੋਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਸਾਲ ਹੁਣ ਤੱਕ 4.90 ਲੱਖ ਤੋਂ ਵੱਧ ਸ਼ਰਧਾਲੂ 3,880 ਮੀਟਰ ਦੀ ਉਚਾਈ 'ਤੇ ਸਥਿਤ ਗੁਫਾ ਮੰਦਰ 'ਚ ਬਰਫ਼ ਨਾਲ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ, ਜਦੋਂ ਕਿ ਸਾਲ 2023 'ਚ ਇਹ ਗਿਣਤੀ 4.50 ਲੱਖ ਸੀ।
ਅਧਿਕਾਰੀਆਂ ਨੇ ਦੱਸਿਆ ਕਿ 1,873 ਸ਼ਰਧਾਲੂਆਂ ਦਾ 39ਵਾਂ ਜੱਥਾ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਅਤੇ ਪੁਲਸ ਦੀ ਸੁਰੱਖਿਆ ਹੇਠ ਬੇਸ ਕੈਂਪ ਤੋਂ ਰਵਾਨਾ ਹੋਇਆ। ਉਨ੍ਹਾਂ ਦੱਸਿਆ ਕਿ ਇਹ ਸ਼ਰਧਾਲੂ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਸਵੇਰੇ 3:25 ਵਜੇ 69 ਵਾਹਨਾਂ ਦੇ ਕਾਫਲੇ ਵਿੱਚ ਰਵਾਨਾ ਹੋਏ। ਸਾਲਾਨਾ ਅਮਰਨਾਥ ਯਾਤਰਾ 29 ਜੂਨ ਨੂੰ ਸ਼ੁਰੂ ਹੋਈ ਸੀ ਅਤੇ 19 ਅਗਸਤ ਨੂੰ ਸਮਾਪਤ ਹੋਵੇਗੀ। ਧਾਰਾ 370 ਨੂੰ ਖਤਮ ਕਰਨ ਦੀ ਪੰਜਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਇਹ ਯਾਤਰਾ ਸੋਮਵਾਰ ਨੂੰ ਸਾਵਧਾਨੀ ਦੇ ਤੌਰ 'ਤੇ ਮੁਲਤਵੀ ਕਰ ਦਿੱਤੀ ਗਈ ਸੀ।