ਖਰਾਬ ਮੌਸਮ ਕਾਰਨ ਅਮਰਨਾਥ ਯਾਤਰਾ ਫਿਰ ਰੋਕੀ
Friday, Jul 29, 2022 - 11:43 AM (IST)
ਸ਼੍ਰੀਨਗਰ (ਭਾਸ਼ਾ)– ਕੇਂਦਰ ਸ਼ਾਸਿਤ ਸੂਬੇ ਜੰਮੂ-ਕਸ਼ਮੀਰ ’ਚ ਅਮਰਨਾਥ ਯਾਤਰਾ ਵੀਰਵਾਰ ਨੂੰ ਖਰਾਬ ਮੌਸਮ ਦੇ ਕਾਰਨ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਅਸਥਾਈ ਤੌਰ ’ਤੇ ਮੁਲਤਵੀ ਕਰ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਖਰਾਬ ਮੌਸਮ ਦੇ ਕਾਰਨ ਅੱਜ ਦੱਖਣੀ ਕਸ਼ਮੀਰ ’ਚ ਰਿਵਾਇਤੀ ਨੁਨਵਾਨ ਪਹਿਲਗਾਮ ਆਧਾਰ ਕੈਂਪ ਤੋਂ ਕਿਸੇ ਵੀ ਯਾਤਰੀ ਨੂੰ ਅੱਗੇ ਨਹੀਂ ਵਧਣ ਦਿੱਤਾ।
ਹਿਮ ਸ਼ਿਵਲਿੰਗ ਦੇ ਦਰਸ਼ਨ ਲਈ ਜਾਣ ਵਾਲੇ ਯਾਤਰੀਆਂ ਨੂੰ ਵੀ ਚੰਦਨਵਾੜੀ ਅਤੇ ਪੰਜਤਰਨੀ ਦੇ ਕੈਂਪਾਂ ਤੋਂ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਬਾਲਟਾਲ ਤੋਂ ਅਮਰਨਾਥ ਗੁਫਾ ਤੱਕ ਦੇ ਰਸਤੇ ’ਤੇ ਅਜੇ ਵੀ ਮੀਂਹ ਪੈ ਰਿਹਾ ਹੈ। 30 ਜੂਨ ਤੋਂ ਸ਼ੁਰੂ ਹੋਈ ਤੀਰਥ ਯਾਤਰਾ ’ਚ ਹੁਣ ਤੱਕ 280,000 ਤੋਂ ਵੱਧ ਤੀਰਥ ਯਾਤਰੀ ਗੁਫਾ ਮੰਦਿਰ ’ਚ ਦਰਸ਼ਨ ਕਰ ਚੁੱਕੇ ਹਨ।