15 ਜਨਵਰੀ ਤੱਕ ਸਾਰੇ ਸਕੂਲ ਬੰਦ, ਸਰਦੀਆਂ ਦੀਆਂ ਛੱਟੀਆਂ ਦਾ ਐਲਾਨ
Wednesday, Jan 01, 2025 - 04:20 PM (IST)
ਹਰਿਆਣਾ- ਪਹਾੜਾਂ 'ਤੇ ਇਸ ਸਮੇਂ ਬਰਫ਼ਬਾਰੀ ਹੋ ਰਹੀ ਹੈ, ਜਿਸ ਕਾਰਨ ਮੈਦਾਨੀ ਇਲਾਕਿਆਂ 'ਚ ਤਾਪਮਾਨ 'ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਉੱਤਰ ਭਾਰਤ ਵਿਚ ਸੀਤ ਲਹਿਰ ਕਾਰਨ ਠੰਡ ਵੱਧ ਗਈ ਹੈ। ਮੌਸਮ ਨੂੰ ਬਦਲਦਾ ਵੇਖ ਕੇ ਹਰਿਆਣਾ ਸਰਕਾਰ ਨੇ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ਦੇ ਸਕੂਲ ਸਿੱਖਿਆ ਡਾਇਰੈਕਟੋਰੇਟ ਨੇ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ 1 ਜਨਵਰੀ ਯਾਨੀ ਕਿ ਅੱਜ ਤੋਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ।
ਹਰਿਆਣਾ ਦੇ ਸਾਰੇ ਸਕੂਲ 1 ਜਨਵਰੀ ਤੋਂ 15 ਜਨਵਰੀ 2025 ਤੱਕ ਬੰਦ ਰਹਿਣਗੇ। ਇਹ ਫ਼ੈਸਲਾ ਠੰਡ ਦੇ ਵੱਧਦੇ ਪ੍ਰਭਾਵ ਅਤੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਜ਼ਰੀਏ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ ਹੈ। ਪੋਸਟ ਵਿਚ ਲਿਖਿਆ ਗਿਆ ਹੈ ਕਿ ਹਰਿਆਣਾ ਦੇ ਸਾਰੇ ਸਕੂਲ ਅਤੇ ਪ੍ਰਾਈਵੇਟ ਸਕੂਲਾਂ ਵਿਚ 1 ਜਨਵਰੀ ਤੋਂ 15 ਜਨਵਰੀ 2025 ਤੱਕ ਸਰਦੀਆਂ ਦੀਆਂ ਛੁੱਟੀਆਂ ਰਹਿਣਗੀਆਂ। ਸਕੂਲ 16 ਜਨਵਰੀ 2025 ਤੋਂ ਆਮ ਰੂਪ ਨਾਲ ਖੁੱਲ੍ਹਣਗੇ।
ਦੱਸ ਦੇਈਏ ਕਿ ਹਰਿਆਣਾ ਵਿਚ ਸਰਦੀਆਂ ਦੌਰਾਨ ਤਾਪਮਾਨ ਕਾਫੀ ਡਿੱਗ ਜਾਂਦਾ ਹੈ। ਜਿਸ ਕਾਰਨ ਛੋਟੇ ਬੱਚਿਆਂ ਦਾ ਸਵੇਰੇ ਜਲਦੀ ਸਕੂਲ ਜਾਣਾ ਔਖਾ ਹੋ ਜਾਂਦਾ ਹੈ। ਇਸ ਫੈਸਲੇ ਤੋਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕਾਫੀ ਰਾਹਤ ਮਿਲੀ ਹੈ, ਕਿਉਂਕਿ ਠੰਡ ਦਾ ਮੌਸਮ ਬੱਚਿਆਂ ਦੀ ਸਿਹਤ 'ਤੇ ਨਾਕਾਰਤਮਕ ਪ੍ਰਭਾਵ ਪਾਉਂਦਾ ਹੈ।